ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 15 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਵਿਚ ਜਥੇਬੰਦਕ ਚੋਣਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਬਲਵਿੰਦਰ ਸਿੰਘ ਨੂੰ ਪਿੰਡ ਸੁਧਾਰ ਦਾ ਪ੍ਰਧਾਨ ਚੁਣਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ 26 ਮਈ ਨੂੰ ਪੱਕੇ ਕਿਸਾਨ ਮੋਰਚਿਆਂ ਅਤੇ ਪਿੰਡਾਂ ਕਸਬਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਇਸ ਦੌਰਾਨ ਕਿਸਾਨ ਆਗੂ ਅਮਰੀਕ ਸਿੰਘ, ਸੁਰਿੰਦਰ ਸਿੰਘ, ਰਣਧੀਰ ਸਿੰਘ ਭਿੰਦਾ ਅਤੇ ਠੇਕੇਦਾਰ ਜਗਰੂਪ ਸਿੰਘ ਐਤੀਆਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਠਧਰਮੀ ਭਾਜਪਾ ਨੂੰ ਆਉਣ ਵਾਲੇ ਦਿਨਾਂ ਵਿਚ ਮਹਿੰਗੀ ਪੈਣ ਵਾਲੀ ਹੈ। ਜੇਕਰ ਪੰਜ ਸੂਬਿਆਂ ਦੀਆਂ ਚੋਣਾਂ ਅਤੇ ਯੂ.ਪੀ ਦੀਆਂ ਪੰਚਾਇਤ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਵੀ ਉਨ੍ਹਾਂ ਕੋਈ ਸਬਕ ਨਹੀਂ ਲਿਆ ਤਾਂ ਦੇਸ਼ ਵਿਚ ਭਾਜਪਾ ਦੀ ਜੜ੍ਹ ਪੁੱਟੀ ਜਾਣੀ ਤੈਅ ਹੈ।