ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਅਪਰੈਲ
ਖਾਲਸਾ ਪੰਥ ਦਾ ਸਾਜਨਾ ਦਿਵਸ ਤੇ ਵਿਸਾਖੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸਣੇ ਹੋਰਨਾਂ ਗੁਰਦੁਆਰਿਆਂ ਵਿਚ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਅੱਜ ਦੇ ਪਵਿੱਤਰ ਦਿਹਾੜੇ ’ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਨ ਸੈਲਾਬ ਹੀ ਉਮੜ ਪਿਆ। ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ, ਜਿਸ ’ਚ 125 ਤੋਂ ਵੱਧ ਸ਼ਰਧਾਲੂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਘਰਿਆਲਾ ਅਨੁਸਾਰ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਦੀਵਾਨ ਹਾਲ ਵਿਚ ਦੀਵਾਨ ਸਜਾਏ। ਇਸ ਮੌਕੇ ਪ੍ਰਸਿੱਧ ਰਾਗੀ ਜਥੇ, ਜਿਸ ’ਚ ਗ੍ਰੰਥੀ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਅਮਨਪ੍ਰੀਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਨਜੀਤ ਸਿੰਘ, ਕਵੀਸ਼ਰ ਕੁਲਦੀਪ ਸਿੰਘ ਖਾਪਰ ਖੇੜੀ, ਕਪੂਰ ਸਿੰਘ ਕਾਉਂਕੇ ਆਦਿ ਦੇ ਜੱਥੇ ਨੇ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਰੋਹ ’ਚ ਵਿਸ਼ੇਸ਼ ਤੌਰ ’ਤੇ ਹਲਕਾ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ, ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਜਥੇ. ਹਰਜੀਤ ਸਿੰਘ ਸ਼ੇਰੀਆਂ, ਪਰਮਜੀਤ ਸਿੰਘ ਢਿੱਲੋਂ, ਬਾਬਾ ਮੋਹਣ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਮਾਛੀਵਾੜਾ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਇਤਿਹਾਸ ਜੰਡ ਸਾਹਿਬ ਅਤੇ ਖੂਹ ਦੇ ਦਰਸ਼ਨ ਕਰ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਦੇ ਵੀ ਦਰਸ਼ਨ ਕੀਤੇ। ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਲੰਗਰ ਵੀ ਲਗਾਏ ਹੋਏ ਸਨ। ਇਸ ਮੌਕੇ ਜਸਵੀਰ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਜਥੇ. ਗੁਰਚਰਨ ਸਿੰਘ ਮੇਹਰਬਾਨ, ਜਸਵੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਹਰਜਿੰਦਰ ਸਿੰਘ ਛੌੜੀਆਂ, ਇੰਸਪੈਕਟਰ ਜਸਵੀਰ ਸਿੰਘ, ਅਕਾਊਂਟੈਂਟ ਸੁਖਦੇਵ ਸਿੰਘ, ਗਿਆਨੀ ਬਲਦੇਵ ਸਿੰਘ, ਜਸਵੀਰ ਸਿੰਘ ਖਜ਼ਾਨਚੀ, ਭੁਪਿੰਦਰ ਸਿੰਘ ਰਿਕਾਰਡ ਕੀਪਰ, ਅਨਮੋਲ ਸਿੰਘ, ਬਲਜੀਤ ਸਿੰਘ ਬੁਰਜ, ਬਾਬਾ ਹਰੀ ਸਿੰਘ ਵੀ ਮੌਜੂਦ ਸਨ।