ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਦਸੰਬਰ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਵਰ੍ਹਿਆਂ ਤੋਂ ਹੋ ਰਹੀਆਂ ਬੇਅਦਬੀਆਂ ਦੇ ਖਿਲਾਫ਼ ਕਦੇ ਕੋਈ ਵੀ ਧਰਨਾ ਨਹੀਂ ਲਗਾਇਆ ਅਤੇ ਹੁਣ ਇਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਵੱਡੇ ਆਗੂ ਸਾਢੇ ਚਾਰ ਸਾਲ ਤੋਂ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੂੰ ਕਹਿੰਦੇ ਰਹੇ ਕਿ ਜੇ ਅਸੀਂ ਕਸੂਰਵਾਰ ਹਾਂ ਜਾਂ ਤੁਹਾਡੇ ਕੋਲ ਕੋਈ ਵੀ ਸਬੂਤ ਹੈ ਤਾਂ ਸਾਡੇ ’ਤੇ ਪਰਚਾ ਕਿਉਂ ਨਹੀਂ ਕਰਦੇੇ। ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਮਜੀਠੀਆਂ ਕੇਸ ਦਾ ਸਾਹਮਣਾ ਕਰਨ ਦੀ ਬਜਾਏ ਲੁੱਕਦਾ ਫਿਰ ਰਿਹਾ ਹੈ ਅਤੇ ਅਕਾਲੀ ਦਲ ਵਾਲੇ ਐੱਸਐੱਸਪੀ ਦਫ਼ਤਰ ਬਾਹਰ ਧਰਨਾ ਕਿਉਂ ਲਗਾ ਰਹੇ ਹਨ। ਬੈਂਸ ਨੇ ਕਿਹਾ ਕਿ ਪਰਚਾ ਦਰਜ ਹੋਣ ਨਾਲ ਪੰਜਾਬ ਦੀਆ ਅਨੇਕਾਂ ਉਨ੍ਹਾਂ ਮਾਵਾਂ, ਧੀਆਂ ਨੂੰ ਸਕੂਨ ਮਿਲਿਆ ਹੈ ਜਿਨ੍ਹਾਂ ਦੇ ਨੌਜਵਾਨ ਪੁੱਤਰ ਅਤੇ ਭਰਾ ਜਾਂ ਕੋਈ ਪਰਿਵਾਰਕ ਮੈਬਰ ਨਸ਼ੇ ਦੀ ਭੇਟ ਚੜ੍ਹ ਗਏ ਹਨ ਅਤੇ ਹੁਣ ਸਰਕਾਰ ਆਪਣਾ ਪੂਰਾ ਫਰਜ਼ ਅਦਾ ਕਰੇ। ਇਸ ਦੌਰਾਨ ਵਿਧਾਇਕ ਬੈਂਸ ਨੇ ਅੱਜ ਵਾਰਡ ਨੰਬਰ 30 ਅਧੀਨ ਆਉਂਦੇ ਸਨਅਤੀ ਏਰੀਆ-ਸੀ ਜਸਪਾਲ ਬਾਂਗਰ ਨੇੜੇ 1 ਕਰੋੜ 93 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਜਸਵੀਰ ਸਿੰਘ, ਹਰਪ੍ਰੀਤ ਸਿੰਘ, ਧਰਮਵੀਰ ਸਿੰਘ, ਜਗਦੇਵ ਸਿੰਘ, ਮਨਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਪੁਨੀਤ ਸਿੰਘ, ਸੰਦੀਪ ਮਿੱਤਲ, ਰਮਨ ਜੈਨ ਮੌਜੂਦ ਸਨ।