ਰਾਮ ਗੋਪਾਲ ਰਾਏਕੋਟੀ
ਰਾਏਕੋਟ, 28 ਸਤੰਬਰ
ਪੰਥਕ ਅਕਾਲੀ ਲਹਿਰ ਵੱਲੋਂ ਗੁਰਦੁਆਰਾ ਖੰਗੂੜਾ ਪੱਤੀ ਪਿੰਡ ਤਾਜਪੁਰ ਵਿੱਚ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਮਨਪ੍ਰੀਤ ਸਿੰਘ ਤਲਵੰਡੀ ਅਤੇ ਸੋਹਣ ਸਿੰਘ ਤਾਜਪੁਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਊਨ੍ਹਾਂ ਕਿਹਾ ਕਿ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਐੱਸਜੀਪੀਸੀ ਦੀ ਨੱਕ ਹੇਠ 328 ਪਾਵਨ ਸਰੂਪਾਂ ਦਾ ਗੁੰਮ ਹੋਣਾ ਵੀ ਬੇਅਦਬੀ ਹੈ ਅਤੇ ਜਿਸ ਦੀ ਜਾਂਚ ਜਸਟਿਸ ਬੀਬੀ ਨਵਿਤਾ ਸਿੰਘ ਨੂੰ ਦਿੱਤੀ ਗਈ ਸੀ ਪਰ ਉਸ ਉਪਰ ਦਬਾਅ ਬਣਾ ਕੇ ਜਾਂਚ ਕਰਨ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਪਾਵਨ ਸਰੂਪਾਂ ਦੀ ਜਾਂਚ ਭਾਈ ਈਸ਼ਰ ਸਿੰਘ ਨੂੰ ਦਿੱਤੀ ਗਈ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਕਰੀਬੀ ਹਨ ਤੇ ਉਹ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਥੇਦਾਰ ਰਣਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਥ ਤੇ ਗ੍ਰੰਥ ਨੂੰ ਬਚਾਉਣ ਲਈ ਬਾਦਲ ਪਰਿਵਾਰ ਨੂੰ ਗੁਰੂਘਰਾਂ ਤੋਂ ਲਾਂਭੇ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉੱਤਮ ਮਾਣ ਮਰਿਆਦਾ ਨੂੰ ਫਿਰ ਦੁਬਾਰਾ ਬਹਾਲ ਕੀਤਾ ਜਾ ਸਕੇ। ਇਸ ਮੌਕੇ ਸੋਹਣ ਸਿੰਘ ਬਾਬਾ ਤਾਜਪੁਰ, ਰਾਜਦੀਪ ਸਿੰਘ ਆਂਡਲੂ, ਗੁਰਮਿੰਦਰ ਸਿੰਘ ਗੋਗੀ ਭੁੱਲਰ, ਜਸਵਿੰਦਰ ਸਿੰਘ ਸੁਧਾਰ ਵੱਲੋਂ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਨਾਲ ਸਨਮਾਨਿਆ ਗਿਆ।