ਪੱਤਰ ਪ੍ਰੇਰਕ
ਜਗਰਾਉਂ, 22 ਜਨਵਰੀ
ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾਂਦੀ ਕਣਕ ਖ਼ਰਾਬ ਮਿਲਣ ਕਾਰਨ ਖ਼ਪਤਕਾਰਾਂ ’ਚ ਰੋਸ ਹੈ। ਮੁਹੱਲਾ ਗਾਂਧੀ ਨਗਰ ’ਚ ਸਥਿਤ ਗੁਰੂ ਦੇ ਭੱਠੇ ’ਤੇ ਰਮੇਸ਼ ਕੁਮਾਰ ਦੇ ਰਾਸ਼ਨ ਡਿਪੂ ’ਚੋਂ ਕਣਕ ਲੈ ਕੇ ਆਏ ਮਲਕੀਤ ਸਿੰਘ, ਜਗਸੀਰ ਸਿੰਘ, ਬਲਜਿੰਦਰ ਸਿੰਘ ਅਤੇ ਹਰਵਿੰਦਰ ਪਾਲ ਸਿੰਘ ਨੇ ਰਾਸ਼ਨ ਡਿਪੂ ’ਚੋਂ ਮਿਲੀ ਬਦਬੂਦਾਰ ਕਣਕ ਦਿਖਾਉਂਦੇ ਹੋਏ ਕਿਹਾ ਕਿ ਇਹ ਖਾਣ ਦੇ ਯੋਗ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਣਕ ਪੀਸ ਕੇ ਵਾਰ ਵਾਰ ਰੂਲਾ ਲਗਾਉਣ ਦੇ ਬਾਵਜੂਦ ਇਸ ਦੀ ਬਦਬੂ ਦੂਰ ਨਹੀਂ ਹੁੰਦੀ। ਖ਼ਪਤਕਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਜਦੋਂ ਡਿੱਪੂ ਮਾਲਕ ਨੂੰ ਖ਼ਰਾਬ ਕਣਕ ਬਾਰੇ ਦੱਸਿਆ ਤਾਂ ਉਸ ਨੇ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਖ਼ਪਤਕਾਰ ਹਰਵਿੰਦਰ ਪਾਲ ਸਿੰਘ ਨੇ ਡਿੱਪੂ ਮਾਲਕ ’ਤੇ ਦੋਸ਼ ਲਾਇਆ ਕਿ ਉਸ ਨੂੰ ਰਾਸ਼ਨ ਡਿੱਪੂ ’ਚੋਂ ਤੋਲ ਵਿਚ ਵੀ ਘੱਟ ਕਣਕ ਦਿੱਤੀ ਗਈ ਹੈ। ਉਸ ਨੇ ਜਦੋਂ ਇਤਰਾਜ਼ ਕੀਤਾ ਤਾਂ ਡਿੱਪੂ ਮਾਲਕ ਦੇ ਮੁੰਡੇ ਨੇ ਕਿਹਾ ਕਿ ਉਹ ਅਗਲੀ ਵਾਰ ਉਨ੍ਹਾਂ ਕੋਲ ਕਣਕ ਲੈਣ ਨਾ ਆਵੇ।
ਕਣਕ ਪਿੱਛੋਂ ਹੀ ਖ਼ਰਾਬ ਆਈ: ਡਿੱਪੂ ਮਾਲਕ
ਰਾਸ਼ਨ ਡਿੱਪੂ ਦੇ ਮਾਲਕ ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਕਣਕ ਇਸੇ ਤਰ੍ਹਾਂ ਦੀ ਹੀ ਆਈ ਹੈ। ਉਨ੍ਹਾਂ ਕਿਹਾ ਕਿ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਉਸ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਘੱਟ ਵਜ਼ਨ ਵਿਚ ਰਾਸ਼ਨ ਦੇਣ ’ਤੇ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਉਸ ਨੇ ਕਿਹਾ ਕਿ ਖ਼ਪਤਕਾਰ ਦੀ ਸ਼ਿਕਾਇਤ ਮਗਰੋਂ ਪੂਰਾ ਰਾਸ਼ਨ ਦਿੱਤਾ ਗਿਆ ਸੀ।
ਖ਼ਰਾਬ ਕਣਕ ਦੀਆਂ ਸ਼ਿਕਾਇਤਾਂ ਮਿਲੀਆਂ: ਏਐੱਫਐੱਸਓ
ਵਿਭਾਗ ਦੇ ਅਧਿਕਾਰੀ ਏਐੱਫਐੱਸਓ ਬੇਅੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਗਾਲਬਿ ਕਲਾਂ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚੋਂ ਖ਼ਰਾਬ ਕਣਕ ਦੀ ਆਮਦ ਦੀ ਸੂਚਨਾ ਮਿਲੀ ਹੈ। ਇਸ ਵਾਰ ਮਾਰਕਫੈੱਡ ਏਜੰਸੀ ਵੱਲੋਂ ਕਣਕ ਵੰਡਣ ਲਈ ਭੇਜੀ ਗਈ ਹੈ। ਖ਼ਰਾਬ ਕਣਕ ਨੂੰ ਚੈੱਕ ਕਰਨ ਲਈ ਇੰਸਪੈਕਟਰ ਦੀ ਡਿਊਟੀ ਲਗਾਈ ਜਾ ਰਹੀ ਹੈ, ਜੋ ਮੌਕੇ ’ਤੇ ਜਾ ਕੇ ਚੈਕਿੰਗ ਕਰਨਗੇ ਅਤੇ ਖ਼ਰਾਬ ਕਣਕ ਨੂੰ ਉੱਥੋਂ ਚੁਕਵਾ ਕੇ ਨਵੀਂ ਕਣਕ ਭੇਜੀ ਜਾਵੇਗੀ। ਡਿੱਪੂ ਹੋਲਡਰ ਵੱਲੋ ਤੋਲ ਵਿੱਚ ਘੱਟ ਅਨਾਜ ਦੇਣ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਡਿੱਪੂ ਹੋਲਡਰ ਤੋਲ ਵਿੱਚ ਘੱਟ ਰਾਸ਼ਨ ਦਿੰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।