ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਅਗਸਤ
ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਪ੍ਰਿੰ: ਜਸਵੰਤ ਸਿੰਘ ਮਿੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਦਿਨ ਚੰਗੇ ਸਾਸ਼ਨ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦਾ ਹਾਲ ਬਿਨਾਂ ਡਰਾਈਵਰ ਤੋਂ ਗੱਡੀ ਵਰਗਾ ਹੈ, ਜਿੱਥੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਬੁੱਲ੍ਹੇਪੁਰ ’ਚ ਬਣੇ ਆਟੋ ਮੇਟਿਡ ਡਰਾਈਵਿੰਗ ਟੈਸਟ ਤੇ ਆਨਲਾਈਨ ਲਾਇਸੈਂਸ ਸੈਂਟਰ ਨੂੰ ਜਾਣ ਵਾਲੀ ਸੜਕ ਦਾ ਸੀਵਰੇਜ ਪਾਉਣ ਕਾਰਨ ਬਹੁਤ ਬੁਰਾ ਹਾਲ ਹੈ, ਸੜਕ ’ਤੇ ਡੂੰਘੇ ਟੋਏ ਹਨ ਅਤੇ ਆਲੇ ਦੁਆਲੇ ਕੋਈ ਰਸਤਾ ਵੀ ਨਹੀਂ ਛੱਡਿਆ। ਇਸ ਤੋਂ ਇਲਾਵਾ ਜਦੋਂ ਇਕ ਵਿਅਕਤੀ ਦਫ਼ਤਰ ਪੁੱਜਦਾ ਹੈ ਤਾਂ ਉੱਥੇ ਪਤਾ ਲੱਗਦਾ ਹੈ ਕਿ ਕਰਮਚਾਰੀ ਹੜਤਾਲ ਤੇ ਹਨ। ਵਿਭਾਗ ਵੱਲੋਂ ਨਾ ਕੋਈ ਬੋਰਡ ਲੱਗਾ ਹੈ ਅਤੇ ਨਾ ਹੀ ਕੋਈ ਸੂਚਨਾ ਦਿੱਤੀ ਗਈ, ਜਿਸ ਕਾਰਨ ਡਰਾਈਵਿੰਗ ਟੈਸਟ ਲਈ ਪੁੱਜ ਰਹੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੁੱਲ੍ਹੇਪੁਰ ਰੋਡ ਨੂੰ ਜਲਦ ਠੀਕ ਕਰਵਾਇਆ ਜਾਵੇ ਅਤੇ ਕਰਮਚਾਰੀਆਂ ਦੀ ਹੜਤਾਲ ਖ਼ਤਮ ਕਰਕੇ ਲੋਕਾਂ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ। ਇਸ ਮੌਕੇ ਗੁਰਦੀਪ ਸਿੰਘ, ਸੁਖਦੀਪ ਸਿੰਘ, ਇਮਰਾਨ ਹੁਸੈਨ, ਕਾਲੀਕਾਂਤ ਹਾਜ਼ਰ ਸਨ।
ਸੀਵਰੇਜ ਦੇ ਪਾਣੀ ਕਾਰਨ ਕੌਸਲ ਖ਼ਿਲਾਫ਼ ਨਾਅਰੇਬਾਜ਼ੀ
ਖੰਨਾ: ਇਥੋਂ ਦੇ ਵਾਰਡ ਨੰਬਰ-8 ਨਰੋਤਮ ਨਗਰ ਵਿਖੇ ਪਿਛਲੇ ਢਾਈ ਮਹੀਨਿਆਂ ਤੋਂ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜਿਸ ਖਿਲਾਫ਼ ਇਲਾਕੇ ਦੇ ਲੋਕਾਂ ਵੱਲੋਂ ਨਗਰ ਕੌਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦਿਆਂ ਰਾਜ ਕੁਮਾਰ ਮੈਨਰੋ ਅਤੇ ਅਭਿਸ਼ੇਕ ਮੈਨਰੋ ਨੇ ਕਿਹਾ ਕਿ ਇਸ ਸੀਵਰੇਜ ਦੇ ਪਾਣੀ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਇਸ ਸਬੰਧੀ ਕਈ ਵਾਰ ਨਗਰ ਕੌਸਲ ਨੂੰ ਲਿਖ਼ਤੀ ਸ਼ਿਕਾਇਤ ਅਤੇ ਐੱਸ.ਡੀ.ਐੱਮ ਖੰਨਾ ਨੂੰ ਵੀ ਜਾਣੂੰ ਕਰਵਾਇਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਥੇ ਸੀਵਰੇਜ ਦਾ ਪਾਣੀ ਕੱਢਣ ਵਾਲਾ ਇੰਜਣ ਵੀ ਕਾਫ਼ੀ ਸਮੇਂ ਤੋਂ ਖ਼ਰਾਬ ਪਿਆ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਰਾਜਿੰਦਰ ਕੁਮਾਰ, ਪ੍ਰੇਮ ਲਤਾ, ਜੈ ਸਿੰਘ, ਨਰਿੰਦਰ ਕੌਰ, ਐਡਵੋਕੇਟ ਚੰਨਦੀਪ ਸਿੰਘ, ਪਰਮਿੰਦਰ ਕੌਰ, ਦਲਜੀਤ ਕੌਰ, ਮੋਹਨ ਲਾਲ, ਸੁਖਵਿੰਦਰ ਸਿੰਘ ਢਿੱਲੋਂ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।