ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 27 ਅਕਤੂਬਰ
ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਦੋ ਟੌਲ ਪਲਾਜ਼ਾ ਬੰਦ ਕੀਤੇ ਜਾਣ ਦੇ ਅੱਠ ਹਫ਼ਤਿਆਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਲੁਧਿਆਣਾ-ਮਾਲੇਰਕੋਟਲਾ ਸਟੇਟ ਹਾਈਵੇਅ ਤੋਂ ਚੁੱਕੇ ਗਏ ਲਹਿਰਾ ਟੌਲ ਪਲਾਜ਼ਾ ਵਾਲੀ ਥਾਂ ਨੂੰ ਪੱਧਰਾ ਕਰਕੇ ਸੁਰੱਖਿਅਤ ਆਵਾਜਾਈ ਯੋਗ ਨਹੀਂ ਬਣਾਇਆ ਜਾ ਸਕਿਆ। ਇਲਾਕਾ ਵਾਸੀਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇ ਤੁਰੰਤ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਧੁੰਦਾਂ ਦੇ ਮੌਸਮ ਦੌਰਾਨ ਵੱਡੇ ਹਾਦਸੇ ਹੋ ਸਕਦੇ ਹਨ। ਹਾਲਾਂਕਿ ਹੁਣ ਤੱਕ ਇੱਥੇ ਸਥਿਤ ਟੌਲ ਪਲਾਜ਼ਾ ਤੋਂ ਠੇਕੇਦਾਰ ਕਰੋੜਾਂ ਰੁਪਏ ਦੀ ਕਮਾਈ ਕਰਕੇ ਗਏ ਹਨ ਅਤੇ ਜਾਂਦੇ ਹੋਏ ਆਪਣੇ ਕੰਮ ਦੀ ਇੱਕ ਇੱਕ ਚੀਜ਼ ਪੁੱਟ ਕੇ ਲੈ ਗਏ ਪਰ ਉਨ੍ਹਾਂ ਨੇ ਥੋੜ੍ਹੀ ਜਿਹੀ ਹੋਰ ਮਿਹਨਤ ਕਰਕੇ ਸੜਕ ਦੇ ਇਸ ਹਿੱਸੇ ਦੀ ਲੋੜੀਂਦੀ ਮੁਰੰਮਤ ਨਹੀਂ ਕਰਵਾਈ। ਹੋਰ ਤਾਂ ਹੋਰ ਬੇਕਾਰ ਹੋ ਚੁੱਕੇ ਇੱਟਾਂ ਪੱਥਰ ਆਦਿ ਦਾ ਮਲਬਾ ਵੀ ਨਹੀਂ ਚੁਕਵਾਇਆ ਜੋ ਕਿ ਹਰ ਕਿਸਮ ਦੇ ਵਾਹਨ ਦੀਆਂ ਸਵਾਰੀਆਂ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਇੱਥੇ ਵਾਹਨਾਂ ਦੀਆਂ ਸਵਾਰੀਆਂ ਨੂੰ ਇੱਕ ਦਮ ਬਰੇਕਾਂ ਲਗਾਏ ਜਾਣ ਕਰਕੇ ਸੱਟਾਂ ਲੱਗਦੀਆਂ ਰਹੀਆਂ ਹਨ। ਕੁੱਝ ਵਾਹਨਾਂ ਦੀ ਟੁੱਟ ਭੱਜ ਵੀ ਹੋਈ ਦੱਸੀ ਗਈ। ਸੜਕ ਦਾ ਇੱਕ ਹਿੱਸਾ ਭਾਰੇ ਵਾਹਨਾਂ ਕਾਰਨ ਦਬਿਆ ਹੋਇਆ ਵੀ ਦੇਖਿਆ ਗਿਆ। ਇੱਥੋਂ ਦੇ ਗਰੀਨ ਐਵਨਿਊ ਖੇਤਰ ਦੇ ਨਿੰਦਾ ਭਾਸਕਰ ਨੇ ਦੋਸ਼ ਲਗਾਇਆ ਕਿ ਟੌਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਖਾਸ ਕਰਕੇ ਭਾਰੀ ਤੇ ਲੰਮੇ ਵਾਹਨਾਂ ਨੂੰ ਇੱਥੋਂ ਲੰਘਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਹਲਕਾ ਧੂਰੀ ਤੋਂ ਲੁਧਿਆਣਾ ਲਈ ਵਰਤੀ ਜਾਂਦੀ ਇਸ ਸੜਕ ਉੱਪਰੋਂ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ, ਮੰਤਰੀ, ਵਿਧਾਇਕ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਰੋਜ਼ਾਨਾ ਕਈ ਕਈ ਵਾਰ ਲੰਘਦੇ ਹਨ।
ਲੋੜੀਂਦੀ ਉਸਾਰੀ ਲਈ ਕਾਰਵਾਈ ਸ਼ੁਰੂ: ਐਕਸੀਅਨ
ਮੰਡੀ ਅਹਿਮਦਗੜ੍ਹ: ਬਲਵਿੰਦਰ ਸਿੰਘ ਐਕਸੀਅਨ ( ਪੀਡਬਲਿਊਡੀ ਬੀ ਐਂਡ ਆਰ) ਮਾਲੇਰਕੋਟਲਾ ਨੇ ਲੋਕਾਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਦਾਅਵਾ ਕੀਤਾ ਕਿ ਇਸ ਥਾਂ ’ਤੇ ਲੋੜੀਂਦੀ ਉਸਾਰੀ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਕੰਮ ਸ਼ੁਰੂ ਕਰਕੇ ਪਹਿਲ ਦੇ ਅਧਾਰ ’ਤੇ ਪੂਰਾ ਕਰਵਾ ਲਿਆ ਜਾਵੇਗਾ। ਬਲਵਿੰਦਰ ਸਿੰਘ ਨੇ ਅੱਗੇ ਦਾਅਵਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਣ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਚਿਤਾਵਨੀ ਦੇ ਬੋਰਡ ਵੀ ਲਗਾਏ ਗਏ ਹਨ।
ਜਗਰਾਉਂ-ਭੂੰਦੜੀ ਸੜਕ ਦਾ ਮੰਦਾ ਹਾਲ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਹਲਕੇ ਦੀਆਂ ਲਿੰਕ ਸੜਕਾਂ ਦੀ ਮੰਦੀ ਹਾਲਤ ਤੋਂ ਬਾਅਦ ਹੁਣ ਜਗਰਾਉਂ ਤੋਂ ਭੂੰਦੜੀ ਹੰਭੜਾਂ ਮਾਰਗ ਨਾਲ ਜੋੜਨ ਵਾਲੀ ਸੜਕ ਦੇ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਮੰਡੀ ਜਾਣ ਵਾਲੇ ਕਿਸਾਨਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਸਾਨ ਹਰਨੇਕ ਸਿੰਘ,ਮਨਦੀਪ ਸਿੰਘ,ਲਖਵੀਰ ਸਿੰਘ,ਕੁਲਦੀਪ ਸਿੰਘ ਨੇ ਸਰਕਾਰ ਤੋਂ ਸੜਕ ਦੇ ਨਵੀਨੀਕਰਨ ਦੀ ਮੰਗ ਕਰਦੇ ਹੋਏ ਦੱਸਿਆ ਕਿ ਟਰਾਲੀਆਂ ਨੂੰ ਮੰਡੀ ਲੈ ਕੇ ਜਾਣ ’ਤੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਲਿੰਕ ਸੜਕਾਂ ਮਲਕ ਤੋਂ ਅਲੀਗੜ੍ਹ, ਸਿੱਧਵਾਂ ਕਲਾਂ, ਖੁਰਦ,ਪੋਨਾ, ਮਲਕ ਅਤੇ ਚੀਮਨਾਂ ਸੜਕਾਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ ।ਇਸ ਸਬੰਧੀ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨੇ ਕਿਹਾ ਕਿ ਉਹ ਆਪ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਉਣਗੇ ।