ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਅਕਤੂਬਰ
ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਪੁਲ ਬਣਾਉਣ ਵਾਲੀ ਕੰਪਨੀ ਚੌਕੀਮਾਨ ਨੇੜੇ ਟੌਲ ਪਲਾਜ਼ੇ ’ਤੇ ਵਸੂਲੀ ਤਾਂ ਕਰ ਰਹੀ ਹੈ, ਪਰ ਪੁਲਾਂ ਦੇ ਦੋਵੇਂ ਪਾਸੇ ਬਣੇ ਸਰਵਿਸ ਮਾਰਗਾਂ ਦੀ ਹਾਲਤ ਅਤਿੰਅਤ ਖਸਤਾ ਹੈ। ਜਗਰਾਉਂ ਬੱਸ ਅੱਡੇ ਦੇ ਮੂਹਰੇ ਅਤੇ ਲਾਲ ਪੈਲੇਸ ਸਿਨੇਮਾ ਤੋਂ ਅੱਗੇ ਸ਼ੇਰਪੁਰ ਚੌਕ ਤੱਕ ਲੰਘਣਾ ਵੀ ਔਖਾ ਹੋ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਦੋਹਾਂ ਪੁਲਾਂ ਦੇ ਦੂਜੇ ਪਾਸੇ ਕਚਹਿਰੀਆਂ, ਤਹਿਸੀਲ ਰੋਡ, ਬਿਜਲੀ ਘਰ ਮਾਰਗ ’ਤੇ ਉਸ ਤੋਂ ਅੱਗੇ ਸੜਕ ਆਪਣੀ ਹੋਂਦ ਵੀ ਗੁਆ ਚੁੱਕੀ ਹੈ। ਬੱਸ ਅੱਡੇ ਵਾਲੇ ਪਾਸੇ ਸਿਵਲ ਹਸਪਤਾਲ ਤੇ ਸੀਆਈਏ ਸਟਾਫ਼ ਵੀ ਮੌਜੂਦ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ। ਇਸ ਦੇ ਸਾਹਮਣੇ ਦੂਜੇ ਪਾਸੇ ਅਦਾਲਤਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਸਥਿਤ ਹਨ, ਪਰ ਉਨ੍ਹਾਂ ਮੂਹਰੋਂ ਲੰਘਦੀ ਸੜਕ ਵੀ ਟੁੱਟ ਚੁੱਕੀ ਹੈ।
ਸੜਕ ਟੁੱਟਣ ਤੋਂ ਇਲਾਵਾ ਮੀਂਹ ਵਿੱਚ ਇਥੇ ਗੋਡੇ ਗੋਡੇ ਪਾਣੀ ਭਰਦਾ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਅੱਜ ਟੌਲ ਕੰਪਨੀ ਦੇ ਅਧਿਕਾਰੀ ਨੂੰ ਮਿਲਿਆ ਅਤੇ ਇਸ ਪਾਸੇ ਫੌਰੀ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾ ਕੰਪਨੀ ਦੇ ਧਿਆਨ ਵਿੱਚ ਲਿਆਂਦਾ ਕਿ ਜਗਰਾਉਂ ਅਤੇ ਮੁੱਲਾਂਪੁਰ ਵਿੱਚ ਬਣੇ ਪੁਲਾਂ ਦੇ ਦੋਵੇਂ ਪਾਸੇ ਸਰਵਿਸ ਲੇਨ ਦਾ ਨਵੀਨੀਕਰਨ ਕੀਤਾ ਜਾਵੇ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਚੌਕੀਮਾਨ ਟੌਲ ਪਲਾਜ਼ਾ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਕੰਟਰੈਕਟ ਕੰਪਨੀ ਵੀਮੈਕਸ ਦੇ ਐਕਸੀਡੈਂਟ ਅਤੇ ਮੈਨਟੀਨੈਂਸ ਇੰਚਾਰਜ ਜਸਦੀਪ ਸਿੰਘ ਨਾਲ ਮੁਲਾਕਾਤ ਕੀਤੀ। ਪੁਲਾਂ ਦੇ ਦੋਵੇਂ ਪਾਸੇ ਬੁਰੀ ਤਰ੍ਹਾਂ ਹੋਈ ਟੁੱਟ-ਭੱਜ ਵਾਲੀਆਂ ਸਰਵਿਸ ਰੋਡਾਂ ਦੇ ਮੁਕੰਮਲ ਨਵੀਨੀਕਰਨ ਦੀ ਭਖਦੀ ਜਨਹਿੱਤ ਵਾਲੀ ਅਹਿਮ ਮੰਗ ਰੱਖੀ ਗਈ।
ਜਥੇਬੰਦੀ ਦੇ ਵਫ਼ਦ ਨੇ ਕਿਹਾ ਕਿ ਰੋਜ਼ਾਨਾ ਕਈ ਗੱਡੀਆਂ ਦਾ ਇਨ੍ਹਾਂ ਟੁੱਟੀਆਂ ਸੜਕਾਂ ਕਰਕੇ ਨੁਕਸਾਨ ਹੁੰਦਾ ਹੈ। ਨੇੜਲੇ ਪਿੰਡਾਂ ਦੇ ਆਮ ਲੋਕਾਂ ਨੂੰ ਵੀ ਰੋਜ਼ਾਨਾ ਦਿੱਕਤ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਟੌਲ ਵਸੂਲਣ ਵਾਲੀ ਕੰਪਨੀ ਨੇ ਮਿਥੀਆਂ ਸ਼ਰਤਾਂ ਮੁਤਾਬਕ ਪੁਲਾਂ ਦੁਆਲੇ ਇਹ ਸਰਵਿਸ ਸੜਕਾਂ ਬਣਾ ਕੇ ਦੇਣੀਆਂ ਹੁੰਦੀਆਂ ਹਨ ਜਿਸ ਤੋਂ ਕੰਪਨੀ ਮੂੰਹ ਫੇਰ ਰਹੀ ਹੈ। ਇੰਚਾਰਜ ਜਸਦੀਪ ਸਿੰਘ ਨੇ ਵਫ਼ਦ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਐੱਨਐੱਚਏਆਈ ਦੇ ਹਾਈਵੇਅ ਇੰਜਨੀਅਰ ਰਮਨਦੀਪ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਕਰਵਾਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਮੁੱਦੇ ਨੂੰ ਲੈ ਕੇ ਹੇਠਲੇ ਟੌਲ ਅਧਿਕਾਰੀਆਂ ਕੋਲ ਜਥੇਬੰਦੀ ਨੇ ਇਹ ਮੰਗ ਜ਼ੋਰ ਨਾਲ ਉਠਾਈ ਸੀ ਤਾਂ ਸਰਵਿਸ ਰੋਡਾਂ ਦਾ ਨਵੀਨੀਕਰਨ ਆਰੰਭ ਕਰਨ ਦਾ ਯਕੀਨ ਦੁਆਇਆ ਗਿਆ ਸੀ। ਇਸ ਤੋਂ ਇਲਾਵਾ ਚੌਕੀਮਾਨ ਟੌਲ ਦੇ ਲੁਧਿਆਣਾ ਵਾਲੇ ਪਾਸੇ ਦੋ ਪਹੀਆ ਵਾਹਨਾਂ ਵਾਲੀ ਛੋਟੀ ਲੇਨ ਨੂੰ ਖੁੱਲ੍ਹਾ ਕਰਨ ਦਾ ਮਸਲਾ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ, ਡਾ. ਗੁਰਮੇਲ ਸਿੰਘ ਕੁਲਾਰ ਆਦਿ ਸ਼ਾਮਲ ਸਨ।