ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਨਾਮ ਬਾਣੀ ਦਾ ਲਾਹਾ ਖੱਟਿਆ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਖੇ ਹੋਏ ਗੁਰਮਤਿ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਕਮਲਦੀਪ ਸਿੰਘ, ਭਾਈ ਸੁਖਵੀਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸਵਰਨ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਦੇ ਰਾਗੀ ਜਥਿਆਂ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਟਕਸਾਲ ਦੇ ਵਿਦਿਆਰਥੀਆਂ ਅਤੇ ਇਲਾਕੇ ਦੀ ਸੰਗਤ ਨੇ ਗੁਰਬਾਣੀ ਦਾ ਸਿਮਰਨ ਕੀਤਾ। ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਰਾਗੀ ਜਥਿਆਂ ਭਾਈ ਜਬਰਤੋੜ ਸਿੰਘ, ਭਾਈ ਰਣਧੀਰ ਸਿੰਘ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਕਵੀ ਭਾਈ ਰਸ਼ਪਾਲ ਸਿੰਘ, ਗਿਆਨੀ ਗੁਰਦੀਪ ਸਿੰਘ ਕਪੂਰਥਲਾ, ਕਲਗੀਧਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਭਾਈ ਗੁਰਨਾਮ ਸਿੰਘ ਸਿਦਕੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਨਿਹਾਲ ਕੀਤਾ। ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਲਵਪ੍ਰੀਤ ਸਿੰਘ ਭੰਗੂ ਫਿਲੌਰ, ਭਾਈ ਜਸਕੀਰਤ ਸਿੰਘ ਆਨੰਦਪੁਰੀ, ਭਾਈ ਗੁਰਦੀਪ ਸਿੰਘ ਜੈਪੁਰ, ਭਾਈ ਹਰਪ੍ਰੀਤ ਸਿੰਘ ਖਾਲਸਾ ਆਦਿ ਨੇ ਗੁਰੂ ਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।
ਭਾਜਪਾ ਦੇ ਜ਼ਿਲ੍ਹਾ ਦਫ਼ਤਰ ਬਾਹਰ ਲੱਡੂ ਵੰਡੇ
ਭਾਜਪਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅਤੇ ਲੱਡੂ ਵੰਡੇ ਗਏ। ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ, ਕਾਰਜਕਾਰਨੀ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।