ਪੱਤਰ ਪ੍ਰੇਰਕ
ਪਾਇਲ, 19 ਅਗਸਤ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਮਰੋਂ ਗੁਰਮਤਿ ਸਮਾਗਮ ਵਿੱਚ ਬਾਬਾ ਜੀਵਨ ਸਿੰਘ ਦੀ ਅੱਠਵੀਂ ਅੰੰਸ਼ ਵੰਸ਼ ਵਿੱਚੋਂ ਸੰਤ ਤੀਰਥ ਸਿੰਘ, ਜੱਥੇਦਾਰ ਮੇਜਰ ਸਿੰਘ ਸੋਢੀ, ਜਥੇਦਾਰ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਗਿਆਨੀ ਮਨਦੀਪ ਸਿੰਘ ਵਿਦਿਆਰਥੀ ਪਹੁਵਿੰਡ ,ਬਾਬਾ ਜਗਤਾਰ ਸਿੰਘ ਜੱਗੀ, ਜੱਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਦਲ ਆਦਿ ਨੇ ਬਾਬਾ ਜੀਵਨ ਸਿੰਘ ਦੀ ਮਹਾਨ ਕੁਰਬਾਨੀ ਬਾਰੇ ਚਾਨਣਾ ਪਾਇਆ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਦਾ 361ਵਾਂ ਜਨਮ ਦਿਹਾੜਾ 5 ਸਤੰੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸਿੱਖ ਕੌਮ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸੰਤ ਖਾਲਸਾ ਨੂੰ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ।