ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਮਈ
ਗੁਰੂ ਨਾਨਕ ਨੈਸ਼ਨਲ ਕਾਲਜ, ਖੇਤੀਬਾੜੀ ਵਿਭਾਗ ਬਲਾਕ ਦੋਰਾਹਾ ਅਤੇ ਸੀਆਈਆਈ ਫਾਊਂਡੇਸ਼ਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤੇ ਪਾਣੀ ਦੀ ਬੱਚਤ ਲਈ ਚਲਾਈ ਮੁਹਿੰਮ ਤਹਿਤ ਨੇੜਲੇ ਪਿੰਡ ਅਜਨੌਦ ਵਿੱਚ ਕਿਸਾਨ ਸੁਖਦੇਵ ਸਿੰਘ ਵੱਲੋਂ ਦੋ ਕਿੱਲਿਆਂ ਵਿਚ ਸਿੱਧੀ ਬਿਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਤਰਕੀਬਨ 70 ਤੋਂ 80 ਪ੍ਰਤੀਸ਼ਤ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਵਾਰ ਉਹ ਆਪਣੀ ਸਾਰੀ ਜ਼ਮੀਨ ਵਿੱਚ ਸਿੱਧੀ ਬਿਜਾਈ ਕਰਕੇ ਝੋਨਾ ਲਾਉਣਗੇ ਅਤੇ ਬਾਕੀ ਕਿਸਾਨਾਂ ਲਈ ਵੀ ਪ੍ਰੇਰਨਾਸ੍ਰੋਤ ਬਨਣਗੇ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਰਾਮ ਸਿੰਘ, ਡਾ. ਬੂਟਾ ਸਿੰਘ, ਡਾ. ਹਰਪੁਨੀਤ ਕੌਰ, ਡਾ. ਸੋਨੂੰ, ਡਾ. ਜਸਵੀਰ ਸਿੰਘ ਤੇ ਡਾ. ਤਰੁਣ ਗੁਪਤਾ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀੇ। ਡਾ. ਲਵਲੀਨ ਬੈਂਸ ਅਤੇ ਪ੍ਰੋ. ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਸਿੱਧੀ ਬਿਜਾਈ ਕਰਨ ਲਈ ਕਿਸੇ ਤਰੀਕੇ ਦੀ ਮਦਦ ਚਾਹੁੰਦਾ ਹੈ ਤਾਂ ਉਹ ਉਸ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਬਰਾੜ, ਪ੍ਰਿੰਸੀਪਲ ਡਾ.ਨਿਰਲੇਪ ਕੌਰ ਨੇ ਸਮੁੱਚੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ।