ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਜਨਵਰੀ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਲੁਧਿਆਣਾ ਪੱਛਮੀ ਇਲਾਕੇ ਵਿੱਚ ਨੋਡਲ ਅਫ਼ਸਰ ਰਣਜੀਤ ਸਿੰਘ ਦੀ ਅਗਵਾਈ ਹੇਠ ਕਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਇਲਾਕਿਆਂ ਦੇ ਮੁਹੱਲਾ ਵਾਸੀਆਂ ਨਾਲ ਘਰ ਘਰ ਜਾ ਕਿ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਮੈਂਬਰਾਂ ਸਰਵੇਸ਼ ਕੁਮਾਰ, ਰਾਜ ਕੁਮਾਰ, ਸੁਖਵਿੰਦਰ ਸਿੰਘ ਲੀਲ੍ਹ, ਜਤਿਨ ਅਰੋੜਾ, ਗੁਰਦੀਪ ਸੂਦ, ਅਮਿਤ ਕੁਮਾਰ, ਜਸਵਿੰਦਰ ਸਿੰਘ, ਅਰਵਿੰਦ ਕੁਮਾਰ ਵੱਲੋਂ ਘਰ ਘਰ ਜਾ ਕਿ ਲੋਕਾਂ ਨੂੰ ਬਿਨਾਂ ਕਿਸੇ ਲਾਲਚ ਆਪਣੀ ਵੋਟ ਆਪਣੀ ਪਸੰਦ ਦੇ ਉਮੀਦਵਾਰ ਨੂੰ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਟੀਮ ਮੈਂਬਰਾਂ ਨੇ ਦੱਸਿਆ ਕਿ ਵੋਟਾਂ ਲਈ ਨੌਜਵਾਨ ਵੱਧ ਉਤਸ਼ਾਹਿਤ ਲੱਗ ਰਹੇ ਹਨ।
ਦੂਜੇ ਪਾਸੇ, ਸੂਤਰਾਂ ਦਾ ਕਹਿਣਾ ਹੈ ਕਿ ਖੇਤੀ ਅੰਦੋਲਨ ਦਾ ਅਸਰ ਵਿਧਾਨ ਸਭਾ ਚੋਣਾਂ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਲੋਕ ਵੋਟਾਂ ਮੰਗਣ ਆਉਂਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਵਾਲ ਕਰਨ ਲੱਗੇ ਹਨ। ਸੂਝਵਾਨ ਵਿਅਕਤੀ ਇਸ ਦੀ ਸ਼ਲਾਘਾ ਕਰ ਰਹੇ ਹਨ।