ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਜੂਨ
ਪਾਣੀ ਅਤੇ ਵਾਤਾਵਰਨ ਦੀ ਰਾਖੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ 6 ਜੂਨ ਤੋਂ 10 ਜੂਨ ਤੱਕ ਪਿੰਡਾਂ ਵਿਚ ਚੇਤਨਾ ਮੋਰਚੇ ਦੇ ਆਖ਼ਰੀ ਦਿਨ ਫੱਲੇਵਾਲ, ਗੁੱਜਰਵਾਲ, ਨਾਰੰਗਵਾਲ, ਹਿਮਾਂਯੂਪੁਰ, ਬੀਹਲਾ, ਖੰਡੂਰ, ਢੈਪਈ, ਚਮਿੰਡਾ, ਕੋਟ ਆਗਾ, ਨੰਗਲ ਖ਼ੁਰਦ ਸਮੇਤ ਹੋਰ ਪਿੰਡਾਂ ਵਿਚ ਵੀ ਧਰਨੇ ਪ੍ਰਦਰਸ਼ਨ ਜਾਰੀ ਰਹੇ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ, ਜ਼ਿਲ੍ਹਾ ਆਗੂ ਚਰਨਜੀਤ ਸਿੰਘ ਫੱਲੇਵਾਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਦਰਸ਼ਨ ਸਿੰਘ ਫੱਲੇਵਾਲ, ਪ੍ਰਧਾਨ ਸਿੰਗਾਰਾ ਸਿੰਘ ਬੀਹਲਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਅਤੇ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਲਈ ਇੰਤਜ਼ਾਮ ਕਰਨ ਅਤੇ ਸਨਅਤਾਂ ਵੱਲੋਂ ਦੂਸ਼ਿਤ ਪਾਣੀ ਨੂੰ ਦਰਿਆਵਾਂ ਵਿਚ ਅਤੇ ਧਰਤੀ ਦੇ ਹੇਠਾਂ ਸੁੱਟਣ ਤੋਂ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਰਖਾ ਦੇ ਪਾਣੀ ਨੂੰ ਸੰਭਾਲਣ ਤੋਂ ਇਲਾਵਾ ਫ਼ਜ਼ੂਲ ਜਾ ਰਹੇ ਦਰਿਆਵਾਂ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਧਰਤੀ ਹੇਠ ਜਜ਼ਬ ਕਰਨ ਦੇ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂਆਂ ਨੇ ਖੇਤਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੇ ਪ੍ਰਬੰਧ ਕੀਤੇ ਜਾਣ ਅਤੇ ਕਣਕ ਝੋਨੇ ਦੇ ਚੱਕਰ ਵਿਚੋਂ ਬਾਹਰ ਕੱਢਣ ਲਈ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਖੇਤਾਂ ਵਿਚ ਰੁੱਖ ਲਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਲਈ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਹੋਰਨਾ ਤੋਂ ਇਲਾਵਾ ਜਸਵੀਰ ਸਿੰਘ ਕੋਟ ਆਗਾ, ਜਗਵਿੰਦਰ ਹਿਮਾਂਯੂਪੁਰ, ਬਲਵਿੰਦਰ ਸਿੰਘ ਨਾਰੰਗਵਾਲ ਸਮੇਤ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।