ਪੱਤਰ ਪ੍ਰੇਰਕ
ਸਮਰਾਲਾ, 15 ਸਤੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ ਵੱਲੋਂ ਨੇੜਲੇ ਪਿੰਡ ਕਲਾਲਮਾਜਰਾ ਅਤੇ ਚੱਕਮਾਫੀ ਦੀਆਂ ਸਹਿਕਾਰੀ ਸਭਾਵਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨਾ ਸੀ।
ਕੈਂਪ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ ਡਾ. ਹਰਜਿੰਦਰ ਕੌਰ ਨੇ ਕਿਹਾ ਕਿ ਝੋਨੇ ਵਿੱਚ ਕਾਲੇ ਤੇਲੇ ਦਾ ਹਮਲਾ ਦੇਖਿਆ ਗਿਆ ਹੈ। ਇਸ ਲਈ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਨ ਮਗਰੋਂ ਕਾਲੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਿਸ਼ਸ਼ੁਦਾ ਕੀਟਨਾਸ਼ਕ ਜ਼ਹਿਰਾਂ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਬੇਲੋੜੀਆਂ ਉੱਲੀਨਾਸ਼ਕ ਅਤੇ ਕੀਟਨਾਸ਼ਕ ਜ਼ਹਿਰਾਂ ਦਾ ਛਿੜਕਾਅ ਨਾ ਕਰਨ ਬਾਰੇ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਸਾਨਾਂ ਨੂੰ ਆਪਣਾ ਬੀਜ ਆਪ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮਗਰੋਂ ਸਮਰਾਲਾ ਦੇ ਖੇਤੀਬਾੜੀ ਵਿਕਾਸ ਅਫਸਰ ਸਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਾੜ ਵਿੱਚ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਖੇਤਾਂ ਵਿੱਚ ਜਜ਼ਬ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਹੈਪੀ ਸੀਡਰ, ਸੁਪਰ ਸੀਡਰ ਜਾ ਜ਼ੀਰੋ ਟਿੱਲ ਡਰਿੱਲ ਮਸ਼ੀਨ ਨਾਲ ਕਰਨ ਲਈ ਸਲਾਹ ਦਿੱਤੀ।