ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੁਲਾਈ
ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਨੌਜਵਾਨਾਂ ਵੱਲੋਂ ਇੱਕ ਹੋਰ ਸਵਾਰੀ ਤੋਂ ਮੋਬਾਈਲ ਤੇ ਬਟੂਆ ਆਦਿ ਖੋਹ ਲਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਈਸ਼ਵਰ ਕਲੋਨੀ ਵਾਸੀ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਤੜਕੇ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਲਈ ਆਟੋ ਰਿਕਸ਼ਾ ’ਤੇ ਆ ਰਿਹਾ ਸੀ। ਆਟੋ ਵਿੱਚ ਪਹਿਲਾਂ ਹੀ ਚਾਰ ਹੋਰ ਸਵਾਰੀਆਂ ਬੈਠੀਆਂ ਹੋਈਆਂ ਸਨ। ਆਟੋ ਚਾਲਕ ਆਟੋ ਰਿਕਸ਼ਾ ਨੂੰ ਪਿੱਪਲ ਚੌਕ ਤੋਂ ਜਸਪਾਲ ਬਾਂਗਰ ਵਾਲੀ ਕੱਚੀ ਸੜਕ ’ਤੇ ਲੈ ਗਿਆ ਜਿੱਥੇ ਸਵਾਰੀਆਂ ਨੇ ਉਸ ਦੀ ਕੁੱਟਮਾਰ ਕਰ ਕੇ ਮੋਬਾਈਲ ਫੋਨ, ਜ਼ਰੂਰੀ ਦਸਤਾਵੇਜ਼ ਆਦਿ ਖੋਹ ਲਏ ਤੇ ਫ਼ਰਾਰ ਹੋ ਗਏ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।