ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਵੱਲੋਂ ਦੋ ਨਾਮਲੂਮ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਗੋਪਾਲ ਨਗਰ ਗੁਰਦਾਸਪੁਰ ਵਾਸੀ ਦੇਵ ਰਾਜ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਰੀਤਾ ਦੇਵੀ ਨਾਲ ਭਾਣਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਇਆ ਸੀ। ਉਹ ਜਲੰਧਰ ਬਾਈਪਾਸ ਚੌਕ ਵਿੱਚ ਬੱਸ ਤੋਂ ਉਤਰ ਕੇ ਆਟੋ ਰਿਕਸ਼ਾ ਵਿੱਚ ਬੈਠ ਗਏ। ਉਨ੍ਹਾਂ ਕੋਲ ਅਟੈਚੀ ਕੇਸ ਅਤੇ ਇੱਕ ਬੈਗ ਸੀ ਜੋ ਉਸ ਨੇ ਆਪਣੇ ਨਾਲ ਸੀਟ ਉਪਰ ਰੱਖਿਆ ਹੋਇਆ ਸੀ। ਆਟੋ ਵਿੱਚ ਦੋ ਔਰਤਾਂ ਵੀ ਬੈਠੀਆਂ ਸਨ। ਆਟੋ ਰਿਕਸ਼ਾ ਜਦੋਂ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਕ ਵੱਲ ਜਾ ਰਿਹਾ ਸੀ ਤਾਂ ਸ਼ਿਵਪੁਰੀ ਚੌਕ ਵਿਚ ਉਹ ਔਰਤਾਂ ਆਟੋ ਵਿਚੋਂ ਉਤਰ ਗਈਆਂ। ਇਸ ਦੌਰਾਨ ਉਸ ਨੇ ਬੈਗ ਵੇਖਿਆ ਤਾਂ ਉਸ ਦੀ ਜਿਪ ਖੁੱਲ੍ਹੀ ਹੋਈ ਸੀ। ਪੜਤਾਲ ਦੌਰਾਨ ਪਤਾ ਲੱਗਾ ਕਿ ਬੈਗ ਵਿੱਚੋਂ ਦੋ ਸੋਨੇ ਦੇ ਕੜੇ, ਪੰਜ ਸੋਨੇ ਦੀਆਂ ਮੁੰਦਰੀਆਂ, ਜੋੜੀ ਸੋਨੇ ਦੇ ਕਾਂਟੇ, ਤਿੰਨ ਚੇਨੀਆਂ, ਚਾਰ ਛਾਪਾਂ, ਸੋਨੇ ਦਾ ਹਾਰ, ਮੰਗਲਸੂਤਰ ਅਤੇ 1 ਲੱਖ 12 ਹਜ਼ਾਰ ਰੁਪਏ ਗਾਇਬ ਸਨ।
ਫੈਕਟਰੀ ਵਿੱਚੋਂ ਕੱਪੜਾ ਤੇ ਹੌਜ਼ਰੀ ਦਾ ਸਾਮਾਨ ਚੋਰੀ
ਇਸੇ ਤਰ੍ਹਾਂ ਥਾਣਾ ਬਸਤੀ ਜੋਧੇਵਾਲ ਦੀ ਫੈਕਟਰੀ ਵਿੱਚੋਂ ਕੱਪੜਾ ਅਤੇ ਹੌਜ਼ਰੀ ਦਾ ਤਿਆਰ ਮਾਲ ਚੋਰੀ ਹੋ ਗਿਆ। ਗੁਲਮੋਹਰ ਬਿੱਲਾ ਬਾੜੇਵਾਲ ਰੋਡ ਵਾਸੀ ਕੁਸ਼ਲ ਅਗਰਵਾਲ ਨੇ ਦੱਸਿਆ ਹੈ ਕਿ ਉਸ ਦੀ ਓਆਂਸ਼ ਇੰਰਨੈਸ਼ਨਲ ਫੈਕਟਰੀ ਕਾਕੋਵਾਲ ਰੋਡ ਵਿੱੱਚ ਹੈ। ਫੈਕਟਰੀ ਦੇ ਵਰਕਰ ਸੱਤ ਨਰਾਇਣ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਫੈਕਟਰੀ ਦੇ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਮੌਕੇ ਤੇ ਪੁੱਜ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਫੈਕਟਰੀ ਵਿੱਚੋਂ ਟੀ ਸ਼ਰਟਾਂ, ਪਜਾਮੇ, ਸਵੈਟਰ ਅਤੇ ਕੱਪੜਾ ਗਾਇਬ ਸਨ। ਥਾਣੇਦਾਰ ਕਰਮਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।