ਗਗਨਦੀਪ ਅਰੋੜਾ
ਲੁਧਿਆਣਾ, 13 ਦਸੰਬਰ
ਇਥੇ ਆਟੋ ਚਾਲਕਾਂ ਨੂੰ ਰਾਹਤ ਦੇਣ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਦੇ ਵੱਲੋਂ ਸ਼ਹਿਰ ਦੇ ਮੁੱਖ ਚੌਕਾਂ ’ਚ ਪੀਲੀ ਲਾਈਨ ਲਾ ਦਿੱਤੀ ਗਈ। ਸਮਰਾਲਾ ਚੌਕ ’ਤੇ ਪੀਲੀ ਲਾਈਨ ਲੱਗਣ ਤੋਂ ਬਾਅਦ ਆਟੋ ਚਾਲਕਾਂ ਨੇ ਉੱਥੇ ਲੱਗਣ ਵਾਲੀਆਂ ਬੱਸਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਸ ਚਾਲਕਾਂ ਨੇ ਉੱਥੇ ਬੱਸ ਲਗਾਈ ਤਾਂ ਆਟੋ ਚਾਲਕ ਗੁੱਸੇ ਵਿੱਚ ਆ ਗਏ, ਆਟੋ ਵਾਲਿਆਂ ਨੇ ਉਥੇ ਬੱਸਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਦੋਹਾਂ ਪੱਖਾਂ ਨੂੰ ਸ਼ਾਂਤ ਕਰਵਾਇਆ ਗਿਆ, ਪਰ ਆਟੋ ਚਾਲਕ ਉੱਥੇ ਅੜੇ ਰਹੇ ਕਿ ਬੱਸਾਂ ਹੁਣ ਲੁਧਿਆਣਾ ਦੇ ਕਿਸੇ ਵੀ ਸਟਾਪੇਜ਼ ’ਤੇ ਨਹੀਂ ਲੱਗਣ ਦਿੱਤੀਆਂ ਜਾਣਗੀਆਂ। ਸਵਾਰੀਆਂ ਨੇ ਜੇਕਰ ਬੱਸ ਲੈਣੀ ਹੈ ਤਾਂ ਉਹ ਆਟੋ ’ਚ ਬੈਠ ਕੇ ਬੱਸ ਅੱਡੇ ਜਾਣ ਤੇ ਉਥੋਂ ਬੱਸ ਲੈਣ, ਪਰ ਬੱਸ ਚਾਲਕਾਂ ਦਾ ਦੋਸ਼ ਸੀ ਕਿ ਉਹ ਰੋਡ ਟੈਕਸ ਦਿੰਦੇ ਹਨ, ਜਿਸ ਕਾਰਨ ਬੱਸਾਂ ਲੁਧਿਆਣਾ ਸ਼ਹਿਰ ਦੇ ਹਰ ਸਟੋਪ ’ਤੇ ਰੁਕਣਗੀਆਂ। ਆਟੋ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਪੀਲੀ ਲਾਈਨ ਲਾਈ ਜਵੇ ਤਾਂ ਕਿ ਆਟੋ ਸ਼ਹਿਰ ਦੇ ਮੁੱਖ ਚੌਕਾਂ ’ਚ ਇੱਕ ਪਾਸੇ ਖੜ੍ਹੇ ਕੀਤੇ ਜਾ ਸਕਣ। ਆਟੋ ਚਾਲਕਾਂ ਦਾ ਕਹਿਣਾ ਹੈ ਕਿ 24 ਸਾਲ ਬਾਅਦ ਉਨ੍ਹਾਂ ਦੀ ਮੰਗ ਪੂਰੀ ਹੋਈ ਹੈ ਅਤੇ ਉਹ ਆਪਣਾ ਹੱਕ ਕਿਸੇ ਨੂੰ ਨਹੀਂ ਲੈਣ ਦੇਣਗੇ। ਬੱਸ ਚਾਲਕਾਂ ਨੇ ਕਿਹਾ ਕਿ ਉਹ ਰੋਡ ਟੈਕਸ ਦਿੰਦੇ ਹਨ, ਜੋ ਕਿ ਲੱਖਾਂ ਰੁਪਏ ਹੁੰਦਾ ਹੈ। ਉਨ੍ਹਾਂ ਦਾ ਆਟੋ ਵਾਲਿਆਂ ਨਾਲ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਲੋਕ ਸਵਾਰੀ ਤਾਂ ਲੈਣੀ ਨਹੀਂ ਹੁੰਦੀ। ਸ਼ਹਿਰ ’ਚ ਜਿੱਥੇ ਬੱਸ ਰੋਕਣ ਦੀ ਥਾਂ ਹੈ, ਉੱਥੇ ਬੱਸ ਉਹ ਜ਼ਰੂਰ ਖੜ੍ਹੀ ਕਰਨਗੇ ਤੇ ਉਥੋ ਸਵਾਰੀਆਂ ਵੀ ਚੁੱਕਣਗੇ। ਏਡੀਸੀਪੀ ਟ੍ਰੈਫਿਕ ਸੰਦੀਪ ਸ਼ਰਮਾ ਨੇ ਦੱਸਿਆ ਕਿ ਸ਼ਹਿਰ ’ਚ ਪਹਿਲੇ ਦਿਨ ਪੀਲੀ ਲਾਈਨ ਸ਼ੁਰੂ ਹੋਈ ਹੈ। ਕੁਝ ਥਾਂਵਾਂ ’ਤੇ ਵਿਵਾਦ ਹੋਇਆ ਹੈ, ਪਰ ਪੁਲੀਸ ਦੋਹਾਂ ਪੱਖਾਂ ’ਚ ਸਮਝੌਤਾ ਕਰਵਾ ਰਹੀ ਹੈ ਤਾਂ ਕਿ ਕਿਸੇ ਦਾ ਕੰਮ ਖਰਾਬ ਨਾ ਹੋ ਸਕੇ।