ਪੱਤਰ ਪ੍ਰੇਰਕ
ਜਗਰਾਉਂ, 14 ਜੂਨ
ਥਾਣਾ ਸ਼ਹਿਰੀ ਦੀ ਪੁਲੀਸ ਨੇ ਅਗਵਾੜ ਡਾਲਾ ਦੀ ਇੱਕ ਔਰਤ ਅਤੇ ਅਣਪਛਾਤੇ ਆਦਮੀ ਖ਼ਿਲਾਫ਼ ਲੜਕੀ ਨਾਲ ਜ਼ਬਰਦਸਤੀ ਕਰਨ ਦਾ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਆਪਣੇ ਨਾਨਕੇ ਘਰ ਅਗਵਾੜ ਡਾਲਾ ਵਿੱਚ ਰਹਿ ਰਹੀ ਹੈ। ਕੁੱਝ ਦਿਨ ਪਹਿਲਾਂ ਉਸ ਦੇ ਨਾਨਕਿਆਂ ਦੇ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਘਰ ਤੋਂ ਬਾਹਰ ਜਾਣ ਬਾਰੇ ਆਖ ਕੇ ਆਪਣੇ ਘਰ ਦੀਆਂ ਚਾਬੀਆਂ ਉਸ ਦੀ ਮਾਮੀ ਨੂੰ ਦੇ ਗਈ ਸੀ। ਦੁਪਹਿਰ ਦੇ ਸਮੇਂ ਪੀੜਤ ਲੜਕੀ ਦੀ ਮਾਮੀ ਉਸ ਨੂੰ ਇਹ ਆਖ ਕੇ ਗੁਆਂਢਣ ਦੇ ਘਰ ਲੈ ਗਈ ਕਿ ਉਸ ਨੇ ਕਿਹਾ ਸੀ ਕਿ ਉਸ ਦੇ ਜਾਣ ਮਗਰੋਂ ਘਰ ਦਾ ਗੇੜਾ ਮਾਰ ਜਾਣਾ। ਪੀੜਤ ਨੇ ਦੱਸਿਆ ਕਿ ਜਦੋਂ ਉਹ ਗੁਆਂਢਣ ਦੇ ਘਰ ਗਈਆਂ ਤਾਂ ਘਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਇੱਕ ਕਮਰੇ ਵਿੱਚ ਅਣਪਛਾਤਾ ਬੰਦਾ ਬੈੱਡ ’ਤੇ ਬੈਠਾ ਸੀ। ਉਸ ਦੀ ਮਾਮੀ ਨੇ ਪੀੜਤ ਨੂੰ ਉਸ ਕਮਰੇ ਦੇ ਅੰਦਰ ਵਾੜ ਦਿੱਤਾ ਅਤੇ ਆਪ ਬਾਹਰ ਆ ਗਈ। ਪੀੜਤ ਅਨੁਸਾਰ ਅਛਪਛਾਤੇ ਬੰਦੇ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਚੁੱਪ ਰਹਿਣ ਲਈ ਧਮਕੀਆਂ ਵੀ ਦਿੱਤੀਆਂ। ਕੁੱਝ ਦੇਰ ਬਾਅਦ ਉਸ ਦੀ ਮਾਮੀ ਵੀ ਅੰਦਰ ਆ ਗਈ। ਪੀੜਤਾ ਦੇ ਦੱਸਣ ਅਨੁਸਾਰ ਜਬਰੀ ਸਬੰਧ ਬਣਾਉਣ ਵਾਲ ਵਿਅਕਤੀ ਨੂੰ ਉਹ ਜਾਣਦੀ ਤਾਂ ਨਹੀਂ ਪਰ ਜੇ ਸਾਹਮਣੇ ਆ ਜਾਵੇ ਤਾਂ ਪਛਾਣ ਜ਼ਰੂਰ ਸਕਦੀ ਹੈ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਪੀੜਤ ਲੜਕੀ ਦੇ ਬਿਆਨਾਂ ’ਤੇ ਅਣਪਛਾਤੇ ਅਤੇ ਉਸ ਦੀ ਮਾਮੀ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਮਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।