ਪੱਤਰ ਪ੍ਰੇਰਕ
ਦੋਰਾਹਾ, 2 ਅਪਰੈਲ
ਕੋਵਿਡ-19 ਦੀ ਦੂਜੀ ਲਹਿਰ ’ਤੇ ਫਤਹਿ ਪਾਉਣ ਲਈ ਟੀਕਾਕਰਨ ਸਰਵੋਤਮ ਹੈ, ਇਹ ਗੱਲ ਅੱਜ ਇਥੋਂ ਦੀ ਅਨਾਜ ਮੰਡੀ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਟੀਕਾਕਰਨ ਕੈਂਪ ਦਾ ਆਰੰਭ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਖੁਦ ਜਾਗਰੂਕ ਹੋ ਕੇ ਵੈਕਸੀਨ ਲਈ ਅੱਗੇ ਆਉਣ ਤੇ ਕਰੋਨਾ ਦੀ ਲੜੀ ਨੂੰ ਤੋੜਨ। ਸ੍ਰੀ ਲੱਖਾ ਨੇ ਵੈਕਸੀਨੇਸ਼ਨ ਸਬੰਧੀ ਫੈਲੀਆਂ ਝੂਠੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਅਤੇ ਹੋਰ ਲੋਕਾਂ ਦੇ ਨਾਲ ਨਾਲ ਪੰਚਾਇਤਾਂ, ਬਲਾਕ ਸਮਿਤੀਆਂ ਤੇ ਆੜ੍ਹਤੀਆਂ ਨੂੰ ਵੀ ਟੀਕਾ ਲਗਵਾਉਣ ਲਈ ਸਹਿਯੋਗ ਦੀ ਮੰਗ ਕੀਤੀ। ਅੱਜ ਸਭ ਤੋਂ ਪਹਿਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਟੀਕਾ ਲਗਵਾ ਕੇ ਕੈਂਪ ਦੀ ਸ਼ੁਰੂਆਤ ਕਰਵਾਈ।
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਕੋਟਾਲਾ ਦੀ ਡਿਸਪੈਂਸਰੀ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ ਡਾ. ਸਤਪ੍ਰੀਤ ਕੌਰ ਸੀ.ਐੱਚ.ਓ. ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਰਣਜੀਤ ਕੌਰ ਤੂਰ ਨੇ ਦੱਸਿਆ ਕਿ ਕੋਵਿਡ-19 ਸਬੰਧੀ ਪਿੰਡ ਦੀ ਡਿਸਪੈਂਸਰੀ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਇਹ ਡਿਸਪੈਂਸਰੀ ਤਿੰਨ ਪਿੰਡਾਂ ਕੋਟਾਲਾ, ਮੱਲ ਮਾਜਰਾ ਅਤੇ ਹੇਡੋਂ ਪਿੰਡਾਂ ਦੇ ਵਸਨੀਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਹੈ। ਅੱਜ ਇਸ ਡਿਸਪੈਂਸਰੀ ਵਿੱਚ ਕੋਵਿਡ ਵੈਕਸੀਨ ਸਬੰਧੀ ਟੀਕਾਰਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਾਫੀ ਲੋਕਾਂ ਨੇ ਸਵੈ-ਇੱਛਤ ਟੀਕਾਕਰਨ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਮੌਕੇ ਸਵਿਤਾ ਐਮ.ਪੀ.ਐੱਚ. ਡਵਲਯੂ ਨੇ ਦੱਸਿਆ ਕਿ ਕਰੋਨਾ ਸਬੰਧੀ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਾਸਕ ਪਾਉਣ ਅਤੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਸਬੰਧੀ ਦੱਸਿਆ ਜਾਂਦਾ ਹੈ। ਇਸ ਮੌਕੇ ਦਰਸ਼ਨ ਸਿੰਘ ਮੇਲ ਮਲਟੀਪਰਪਜ਼, ਮਨਪ੍ਰੀਤ ਕੌਰ ਆਸ਼ਾ ਵਰਕਰ, ਸੇਵਾਮੁਕਤ ਕਾਨੂੰਗੋ ਪਰਮਿੰਦਰ ਸਿੰਘ, ਆਸ਼ਾ ਵਰਕਰ ਕਮਲਪ੍ਰੀਤ ਕੌਰ ਹਾਜ਼ਰ ਸਨ।