ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਮਈ
ਪਿੰਡ ਬਘੌਰ ’ਚ ਗਊਸ਼ਾਲਾ ਦੀ ਚਾਰਦੀਵਾਰੀ ਕਰਨ ਦੇ ਨਾਂ ’ਤੇ ਸੱਤਾਧਾਰੀਆਂ ਅਤੇ ਅਧਿਕਾਰੀਆਂ ਵੱਲੋਂ 25 ਲੱਖ ਦਾ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦਾਅਵਾ ਸਤੀਸ਼ ਸ਼ਰਮਾ ਪੰਜਾਬ ਪ੍ਰਧਾਨ ਕਿਸਾਨ ਮੋਰਚਾ ਆਰਟੀਆਈ ਸੈੱਲ ਭਾਜਪਾ ਨੇ ਕੀਤਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਕਮੇਟੀ ਨੂੰ ਜ਼ਮੀਨ ਅਲਾਟ ਹੋਣ ਉਪਰੰਤ ਬਘੌਰ ਪਿੰਡ ਦੇ ਵਸਨੀਕਾਂ ਦੇ ਕਹਿਣ ਅਨੁਸਾਰ ਸਾਲ 2018-19 ’ਚ ਹੀ ਕਮੇਟੀ ਦੇ ਮੈਂਬਰਾਂ ਵੱਲੋਂ ਦਾਨੀ ਲੋਕਾਂ ਦੇ ਸਹਿਯੋਗ ਨਾਲ ਚਾਰਦੀਵਾਰੀ ਕਰਵਾ ਲਈ ਗਈ ਸੀ, ਜਿਸ ਸਬੰਧੀ ਨਗਰ ਕੌਂਸਲ ਤੋਂ ਕੋਈ ਵੀ ਫੰਡ ਜਾਂ ਦਾਨ ਨਹੀਂ ਲਿਆ ਗਿਆ। ਸ਼ਰਮਾ ਨੇ ਕਿਹਾ ਕਿ ਈਓ ਰਣਬੀਰ ਸਿੰਘ ਤੇ ਹੋਰ ਅਧਿਕਾਰੀ ਇਸ ਗੱਲ ਤੋਂ ਜਾਣੂ ਸਨ ਕਿ ਗਊਸ਼ਾਲਾ ਬਘੌਰ ਦੀ ਬਾਊਂਡਰੀ ਗਊਸ਼ਾਲਾ ਕਮੇਟੀ ਵੱਲੋਂ ਪਹਿਲਾਂ ਹੀ ਬਣਵਾਈ ਗਈ ਹੈ। ਬਾਵਜੂਦ ਉਕਤ ਸਾਰੇ ਵਿਅਕਤੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ 24 ਜੂਨ 2020 ਦੇ ਰਿਕਾਰਡ ਮੁਤਾਬਕ ਚਾਰਦੀਵਾਰੀ ਕਰਨ ’ਤੇ ਨਾਂਅ ਤੇ 25 ਲੱਖ ਰੁਪਏ ਦਾ ਟੈਂਡਰ ਲਗਾ ਦਿੱਤਾ ਗਿਆ।
ਕਾਰਜਕਾਰੀ ਅਧਿਕਾਰੀ ਦਾ ਪੱਖ
ਇਸ ਸਬੰਧੀ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਕੰਮ ਸਬੰਧੀ ਨਾ ਕੋਈ ਬਿੱਲ ਬਣਿਆ ਅਤੇ ਨਾ ਹੀ ਕੋਈ ਪੈਸਾ ਜਾਰੀ ਕੀਤਾ ਗਿਆ। ਸਾਬਕਾ ਈਓ ਰਣਬੀਰ ਸਿੰਘ ਨੇ ਕਿਹਾ ਕਿ ਟੈਂਡਰ ਕਿਸੇ ਗਲਤ ਮਨਸ਼ਾ ਨਾਲ ਨਹੀਂ ਲਾਇਆ ਗਿਆ ਸੀ। ਟੈਂਡਰ ਗਊਸ਼ਾਲਾ ਦੇ ਵਿਕਾਸ ਕੰਮਾਂ ਲਈ ਲਾਇਆ ਗਿਆ ਸੀ।