ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬ
ਸਨਅਤੀ ਸ਼ਹਿਰ ਦੇ ਸਮਾਰਟ ਮਲਹਾਰ ਸਿਨੇਮਾ ਰੋਡ ’ਤੇ ਸੋਮਵਾਰ ਦੀ ਦੁਪਹਿਰ ਇੱਕ ਪਲੇਅਵੇਅ ਸਕੂਲ ਦੇ ਬਾਹਰ ਕਾਰ ਸਵਾਰ ਔਰਤ ਤੇ ਉਸ ਦੇ ਪੁੱਤਰ ਨੂੰ ਇੱਕ ਵਿਅਕਤੀ ਨੇ ਚਾਕੂ ਦਿਖਾ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦੀ ਸੂਝ-ਬੂਝ ਅਤੇ ਦਲੇਰੀ ਕਾਰਨ ਮੁਲਜ਼ਮ ਅਸਫ਼ਲ ਰਿਹਾ। ਦਰਅਸਲ ਜਦੋਂ ਮੁਲਜ਼ਮ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ, ਜਿਸ ਮਗਰੋਂ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਹਾਲੇ ਤੱਕ ਅਗਲੀ ਕਾਰਵਾਈ ਬਾਰੇ ਕਿਸੇ ਵੀ ਪੁਲੀਸ ਮੁਲਾਜ਼ਮ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਲਹਾਰ ਸਿਨੇਮਾ ਰੋਡ ’ਤੇ ਸਥਿਤ ਪਲੇਅ ਵੇਅ ਸਕੂਲ ਵਿੱਚ ਦੁਪਹਿਰ ਕਰੀਬ 12 ਵਜੇ ਛੁੱਟੀ ਮਗਰੋਂ ਆਪਣੇ ਬੱਚੇ ਨੂੰ ਲੈ ਕੇ ਕਾਰੋਬਾਰੀ ਦੀ ਪਤਨੀ ਜਦੋਂ ਕਾਰ ’ਚ ਬੈਠੀ ਤਾਂ ਅਚਾਨਕ ਤੋਂ ਪਿਛਲਾ ਦਰਵਾਜ਼ਾ ਖੋਲ੍ਹ ਕੇ ਮੁਲਜ਼ਮ ਕਾਰ ਵਿੱਚ ਬੈਠ ਗਿਆ ਤੇ ਤੇਜ਼ਧਾਰ ਹਥਿਆਰ ਉਸ ਦੀ ਗਰਦਨ ’ਤੇ ਰੱਖ ਕੇ ਗੱਡੀ ਚਲਾਉਣ ਲਈ ਕਹਿਣ ਲੱਗਿਆ। ਮੁਲਜ਼ਮ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਜੇਕਰ ਕੋਈ ਹਰਕਤ ਕਰੇਗੀ ਤਾਂ ਉਸ ਨੂੰ ਚਾਕੂ ਮਾਰ ਦੇਵੇਗਾ। ਔਰਤ ਨੇ ਕਿਸੇ ਤਰ੍ਹਾਂ ਸੂਝ-ਬੂਝ ਦਿਖਾਈ ਤੇ ਦਲੇਰੀ ਦਿਖਾਉਂਦਿਆਂ ਝਟਕਾ ਦੇ ਕੇ ਕਾਰ ਰੋਕੀ, ਜਿਸ ਨਾਲ ਮੁਲਜ਼ਮ ਦਾ ਸੰਤੁਲਨ ਵਿਗੜ ਗਿਆ ਤੇ ਔਰਤ ਨੇ ਕਾਰ ’ਚੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਕਾਰ ਨੂੰ ਘੇਰ ਲਿਆ। ਉਨ੍ਹਾਂ ਪਹਿਲਾਂ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਬਾਅਦ ਵਿੱਚ ਕਿਸੇ ਤਰ੍ਹਾਂ ਮੁਲਜ਼ਮ ਦੇ ਹੱਥ ’ਚ ਫੜਿਆ ਤੇਜ਼ਧਾਰ ਹਥਿਆਰ ਖੋਹਿਆ।
ਮੁਲਜ਼ਮ ਨੂੰ ਕਾਬੂ ਕਰ ਕੇ ਲੋਕਾਂ ਨੇ ਉਸ ਦੀ ਖੂਬ ਕੁੱਟਮਾਰ ਕੀਤੀ ਤੇ ਪੁਲੀਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਡੀਸੀਪੀ ਸਿਟੀ ਡਾ. ਨਰਿੰਦਰ ਭਾਗਰਵ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਂਦਾ ਗਿਆ।