ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਮਈ
ਥਾਣਾ ਸਰਾਭਾ ਨਗਰ ਦੇ ਇਲਾਕੇ ਫਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਦੇ ਬਾਹਰ ਚਾਰ ਜਣਿਆਂ ਵੱਲੋਂ ਇਕ ਪਰਿਵਾਰ ’ਤੇ ਹਮਲਾ ਕਰਕੇ ਕੁੱਟਮਾਰ ਕਰਨ ਤੋਂ ਬਾਅਦ ਪੀੜਤ ਵੱਲੋਂ ਹਵਾਈ ਫਾਇਰ ਕਰਕੇ ਆਪਣੀ ਜਾਨ ਬਚਾਉਣ ਬਾਰੇ ਪਤਾ ਲੱਗਿਆ ਹੈ। ਇਸ ਸਬੰਧੀ ਪ੍ਰੀਤਮ ਨਗਰ ਮਾਡਲ ਟਾਊਨ ਵਾਸੀ ਕੰਵਲਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਪ੍ਰੀਤ ਕੌਰ ਸਮੇਤ ਬੱਚਿਆਂ ਨਾਲ ਐੱਮਬੀਡੀ ਮਾਲ ਸ਼ਾਪਿੰਗ ਕਰਨ ਲਈ ਗਿਆ ਸੀ। ਸ਼ਾਪਿੰਗ ਤੋਂ ਬਾਅਦ ਜਦੋਂ ਉਹ ਬਾਹਰ ਖੜ੍ਹੀ ਆਪਣੀ ਐਂਡੇਵਰ ਗੱਡੀ ਦੀ ਬਾਰੀ ਖੋਲ੍ਹਣ ਲੱਗਾ ਤਾਂ ਚਾਰ ਨੌਜਵਾਨਾਂ ਨੇ ਪਿੱਛੋਂ ਦੀ ਆ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਸਿਰ ਵਿੱਚ ਕੋਈ ਭਾਰੀ ਚੀਜ਼ ਦਾ ਵਾਰ ਕੀਤਾ। ਉਨ੍ਹਾਂ ਉਸ ਦੀ ਪਤਨੀ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਦੌਰਾਨ ਕੰਵਲਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਕੇ ਹਵਾਈ ਫਾਇਰ ਕਰ ਦਿੱਤਾ ਜਿਸ ’ਤੇ ਹਮਲਾਵਰ ਉਸ ਦੀ ਪਤਨੀ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਲਾਹ ਕੇ ਫਰਾਰ ਹੋ ਗਏ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਲਖਵਿੰਦਰ ਸਿੰਘ ਉਰਫ ਲੱਖਾ ਵਾਸੀ ਪਿੰਡ ਦਾਦ ਨੂੰ ਤਫਤੀਸ਼ ਉਪਰੰਤ ਕਾਬੂ ਕਰ ਲਿਆ ਗਿਆ ਹੈ ਜਦਕਿ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੰਵਲਜੀਤs ਸਿੰਘ ਨੇ ਕੁੱਝ ਸਮਾਂ ਪਹਿਲਾਂ ਲਖਵਿੰਦਰ ਸਿੰਘ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਉਸ ਨੇ ਰੰਜਿਸ਼ ਕਾਰਨ ਅਜਿਹਾ ਕੀਤਾ।