ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਪਰੈਲ
ਲੁਧਿਆਣਾ ਦੇ ਤਾਜਪੁਰ ਰੋਡ ਵਿੱਚ ਗੋਲੀਆਂ ਚੱਲਣ ਤੇ ਉਸੇ ਰਾਤ ਕਾਰੋਬਾਰੀ ਦੀ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ ਤੋਂ ਬਾਅਦ ਮੰਗਲਵਾਰ ਦੇਰ ਰਾਤ ਲੁਟੇਰਾ ਗਰੋਹ ਦੇ ਮੈਂਬਰਾਂ ਨੇ ਮਨੀ ਐਕਸਚੇਂਜਰ ਤੋਂ ਗੰਨ ਪੁਆਇੰਟ ’ਤੇ ਲੁੱਟ ਕੀਤੀ। ਮੁਲਜ਼ਮਾਂ ਨੇ ਪਹਿਲਾਂ ਗੰਨ ਪੁਆਇੰਟ ’ਤੇ ਉਸ ਕੋਲੋਂ ਪੈਸੇ ਲੁੱਟੇ ਤੇ ਜਾਣ ਲੱਗੇ ਉਸ ਦਾ ਸਿਮ ਵੀ ਤੋੜ ਗਏ ਤਾਂ ਕਿ ਦੁਕਾਨਦਾਰ ਕਿਸੇ ਨਾਲ ਸੰਪਰਕ ਨਾ ਕਰ ਸਕੇ। ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤ ਵਿਅਕਤੀ ਨੇ ਕਿਸੇ ਦਾ ਫੋਨ ਲੈ ਕੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਥਾਣਾ ਡਾਬਾ ਪੁਲੀਸ ਨੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸਦੇ ਗੱਲੇ ਵਿੱਚੋਂ ਮੁਲਜ਼ਮਾਂ ਨੇ 60 ਹਜ਼ਾਰ ਰੁਪਏ ਚੋਰੀ ਕੀਤੇ। ਦੁਕਾਨ ਮਾਲਕ ਤੁਰਣ ਕੁਮਾਰ ਨੇ ਦੱਸਿਆ ਕਿ ਉਸ ਦੀ ਮੈਡ ਦੀ ਚੱਕੀ ਨੇੜੇ ਮਨੀ ਐਕਸਚੇਂਜਰ ਦੀ ਦੁਕਾਨ ਹੈ। ਉਹ ਰਾਤ ਨੂੰ ਘਰ ਜਾਣ ਲਈ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨ ਦੁਕਾਨ ਅੰਦਰ ਆਏ ਤਾਂ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਉਸ ਦੇ ਗੱਲੇ ਵਿੱਚੋਂ 60 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਤਾਜਪੁਰ ਰੋਡ ’ਤੇ ਨੌਜਵਾਨਾਂ ਨੇ ਕੇਕ ਕੱਟਣ ਤੋਂ ਰੋਕਣ ਬਾਅਦ ਮੁਹੱਲੇ ਵਿੱਚ ਗੋਲੀਆਂ ਚਲਾ ਦਿੱਤੀਆਂ ਸਨ। ਇਸ ਤੋਂ ਇਲਾਵਾ ਇਸੇ ਦਿਨ ਦੇਰ ਰਾਤ ਕਾਰੋਬਾਰੀ ਸੰਨੀ ਦੀ ਪਤਨੀ ਨੂੰ ਅਗਵਾ ਕਰ ਮੁਲਜ਼ਮਾਂ ਨੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਇਸ ਤੋਂ ਇਲਾਵਾ ਪਿਛਲੇ ਦਿਨੀਂ ਤੇਲ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਲੁੱਟ ਕਰ ਲਈ ਸੀ। ਇਹ ਤਿੰਨੋਂ ਮਾਮਲੇ ਵੀ ਹਾਲੇ ਸੁਲਝਾਉਣੇ ਬਾਕੀ ਹਨ।