ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਫਰਵਰੀ
ਸੌਲਿਡ ਵੇਸਟ ਮੈਨੇਜਮੈਂਟ ਦੇ ਕੰਮ ਲਈ ਹਾਇਰ ਕੀਤੀ ਗਈ ਏਜੈਡ ਮੈਨੇਜਮੈਂਟ ਕੰਪਨੀ ਵੱਲੋਂ ਕੰਮ ਛੱਡੇ ਜਾਣ ਉਪਰੰਤ ਲੁਧਿਆਣਾ ਸ਼ਹਿਰ ਦੇ ਸੌਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਦਾ ਨਗਰ ਨਿਗਮ ਦੇ ਮੇਅਰ ਅਤੇ ਅਧਿਕਾਰੀਆਂ ਵੱਲੋਂ ਜਾਇਜ਼ਾ ਲਿਆ ਗਿਆ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ, ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ ਸਮੇਤ ਹੋਰ ਉੱਚ ਅਧਿਕਾਰੀ ਮੌਜੂਦ ਸਨ।
ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸੌਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਜਮਾਲਪੁਰ ਡੰਪ ਸਾਈਟ ਦਾ ਦੌਰਾ ਵੀ ਕੀਤਾ ਗਿਆ ਅਤੇ ਫੀਲਡ ਵਿੱਚ ਜਾ ਕੇ ਨਿੱਜੀ ਤੌਰ ’ਤੇ ਗਾਰਬੇਜ ਸੈਕੰਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਿਰੀਖਣ ਕੀਤਾ ਗਿਆ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਚੀਮਾ ਚੌਕ ਸੈਕੰਡਰੀ ਪੁਆਇੰਟ, ਬੈਕ ਸਾਈਡ ਵਰਧਮਾਨ, ਸ਼ੇਰਪੁਰ ਚੌਕ, ਮੱਛੀ ਮਾਰਕੀਟ ਜ਼ੋਨ ਸੀ, ਗਿੱਲ ਨਹਿਰ, ਹੈਬੋਵਾਲ ਕਲਾਂ ਅਤੇ ਓਰੀਐਂਟ ਸਿਨੇਮਾ ਆਦਿ ਕੁਲੈਕਸ਼ਨ ਪੁਆਇੰਟ ਸ਼ਾਮਿਲ ਹਨ। ਇਸ ਮੌਕੇ ਨਿਗਰਾਨ ਇੰਜੀਨੀਅਰ, ਓ.ਐਡ.ਐਮ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨਰ, ਸਾਰੇ ਜ਼ੋਨਲ ਕਮਿਸ਼ਨਰਜ਼, ਸਿਹਤ ਅਫਸਰ ਅਤੇ ਮੁੱਖ ਸਫਾਈ ਨਰੀਖਕਾਂ ਵੱਲੋਂ ਫੀਲਡ ਵਿੱਚ ਜਾ ਕੇ ਆਪਣੇ-ਆਪਣੇ ਇਲਾਕੇ ਅਧੀਨ ਆਉਂਦੇ ਗਾਰਬੇਜ ਸਕੈਂਡਰੀ ਕੁਲੈਕਸ਼ਨ ਪੁਆਇੰਟਾਂ ਦਾ ਨਰੀਖਣ ਕੀਤਾ ਗਿਆ। ਇਨ੍ਹਾਂ ਕੁਲੈਕਸ਼ਨ ਪੁਆਇੰਟਾਂ ਤੋਂ ਨਗਰ ਨਿਗਮ ਦੁਆਰਾ ਕੂੜੇ ਦੀ ਲਿਫਟਿੰਗ ਦਾ ਕੰਮ ਤੱਸਲੀਬਖਸ਼ ਪਾਇਆ ਗਿਆ। ਮੇਅਰ ਸ੍ਰੀ ਸੰਧੂ ਅਤੇ ਕਮਿਸ਼ਨਰ ਸ੍ਰੀ ਸੱਭਰਵਾਲ ਵਲੋਂ ਸਾਰੇ ਸਟਾਫ ਦੇ ਮੈਂਬਰਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਸੌਲਿਡ ਵੇਸਟ ਮੈਨੇਜਮੈਂਟ ਦਾ ਕੰਮ ਸੁੱਚਜੇ ਢੰਗ ਨਾਲ ਨਿਪਟਾਉਣ ਦੀ ਹਦਾਇਤ ਜਾਰੀ ਕੀਤੀ ਗਈ।