ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਨਵੰਬਰ
ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ ਤੇ ਹੁਣ ਹਰ ਸਿਆਸੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਇਸੇ ਤਹਿਤ ਚੋਣਾਂ ਵਿੱਚ ਜਿੱਤ ਦਾ ਪਾਠ ਪੜ੍ਹਾਉਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਪਹਿਲੀ ਵਾਰ ਲੁਧਿਆਣਾ ਪੁੱਜੇ, ਇੱਥੇ ਉਨ੍ਹਾਂ ਨੇ ਸ਼ਹਿਰੀ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਵਰਕਰਾਂ ਨਾਲ ਵੱਖ ਤੋਂ ਮੀਟਿੰਗ ਕੀਤੀ ਤੇ ਪੇਂਡੂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਵਰਕਰਾਂ ਨਾਲ ਵੱਖਰੀ ਮੀਟਿੰਗ ਕਰ ਉਨ੍ਹਾਂ ਨੂੰ ਚੋਣਾਂ ਵਿੱਚ ਇੱਕਜੁੱਟ ਹੋ ਕੇ ਚੋਣਾਂ ਲਈ ਤਿਆਰ ਰਹਿਣ ਦੀ ਗੱਲ ਕਹੀ। ਮੀਟਿੰਗ ਦੌਰਾਨ ਉਨ੍ਹਾਂ ਨੇ ਵਰਕਰਾਂ ਤੋਂ ਵਿਧਾਇਕਾਂ ਦੀ ਕਾਰਗੁਜ਼ਾਰੀ ਬਾਰੇ ਵੀ ਰਿਪੋਰਟ ਲਈ। ਹਰੀਸ਼ ਚੌਧਰੀ ਨਾਲ ਇਸ ਮੌਕੇ ’ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਰੇ ਵਿਧਾਇਕ, ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਤੇ ਪੇਂਡੂ ਪ੍ਰਧਾਨ ਅਤੇ ਵਰਕਰ ਮੌਜੂਦ ਸਨ।
ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਹਰੀਸ਼ ਚੌਧਰੀ ਨੇ ਸਿੱਧੇ ਤੌਰ ’ਤੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ 60 ਦਿਨਾਂ ਵਿੱਚ ਲਏ ਗਏ ਵੱਡੇ ਫੈਸਲਿਆਂ ਨੂੰ ਜਨਤਾ ਵਿੱਚ ਲੈ ਕੇ ਜਾਣ, ਉਨ੍ਹਾਂ ਨਾਲ ਹੀ ਕਿਹਾ ਕਿ ਹਰ ਵਰਕਰ ਆਪਣੇ ਮੁਹੱਲੇ ਤੇ ਵਾਰਡ ਵਿੱਚ ਇਹ ਦੱਸੇ ਕਿ ਕਿਵੇਂ ਚੰਨੀ ਸਰਕਾਰ ਦਿੱਲੀ ਤੇ ਹੋਰਨਾਂ ਸੂਬਿਆਂ ਨਾਲੋਂ ਸਸਤੀ ਬਿਜਲੀ ਦੇ ਰਹੀ ਹੈ, ਚੰਨੀ ਸਰਕਾਰ ਪੈਟਰੋਲ ਤੇ ਡੀਜ਼ਲ ਸਸਤਾ ਦੇ ਰਹੀ ਹੈ। ਇਸਦੇ ਨਾਲ ਹੀ ਇਹ ਗੱਲ ਵੀ ਕਹੀ ਗਈ ਕਿ ਸਾਰੇ ਹੀ ਵਰਕਰ ਇਹ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਕਿ ਚੰਨੀ ਆਮ ਆਦਮੀ ਹਨ ਤੇ ਕਾਂਗਰਸ ਨੇ ਪਾਰਟੀ ਵਿੱਚੋਂ ਹੀ ਇੱਕ ਵਰਕਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਹੈ। ਮੀਟਿੰਗ ਦੌਰਾਨ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਵੀ ਖਾਸ ਤੌਰ ’ਤੇ ਮੁਲਾਕਾਤ ਕੀਤੀ, ਜਿਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਗੇ ਰਿਸ਼ਤੇ ਸਨ।
ਇਕਜੁੱਟਤਾ ਦਿਖਾਉਣ ਦਾ ਦਿੱਤਾ ਸੁਨੇਹਾ
ਮੀਟਿੰਗ ਦੌਰਾਨ ਹਰੀਸ਼ ਚੌਧਰੀ ਨੇ ਸਾਰੇ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸਿੱਧੇ ਤੌਰ ’ਤੇ ਸੁਨੇਹਾ ਦਿੱਤਾ ਕਿ ਪਾਰਟੀ ਹਾਈ ਕਮਾਂਡ ਦਾ ਹੁਕਮ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੇ ਹੀ ਕਾਂਗਰਸੀ ਆਗੂ ਇੱਕ ਦੂਜੇ ਦੇ ਨਾਲ ਸਾਰੇ ਗਿਲੇ ਸ਼ਿਕਵੇ ਖਤਮ ਕਰਕੇ ਇਕਜੁੱਟਤਾ ਦਿਖਾਉਣ ਤਾਂ ਕਿ 2022 ਚੋਣਾਂ ਨੂੰ 2017 ਦੀ ਤਰ੍ਹਾਂ ਜਿੱਤਿਆ ਜਾ ਸਕੇ। ਇਸ ਨਾਲ ਹੀ ਜਿਹੜੇ ਵੀ ਵਰਕਰਾਂ ਦੇ ਕੋਈ ਸਵਾਲ ਸਨ ਤਾਂ ਉਨ੍ਹਾਂ ਦੇ ਜਵਾਬ ਵੀ ਹਰੀਸ਼ ਚੌਧਰੀ ਨੇ ਦਿੱਤੇ। ਇਸ ਮੌਕੇ ’ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੰਜੈ ਤਲਵਾੜ, ਵਿਧਾਇਕ ਕੁਲਦੀਪ ਸਿੰਘ ਵੈਦ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਕਾਂਗਰਸ ਰੂਰਲ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਮੇਅਰ ਬਲਕਾਰ ਸਿੰਘ ਸੰਧੂ ਮੌਜੂਦ ਸਨ।