ਜਸਬੀਰ ਸ਼ੇਤਰਾ
ਜਗਰਾਉਂ, 20 ਜੂਨ
ਪਿੰਡ ਢੱਟ ਦੇ ਟਰੈਕਟਰ-ਟਰਾਲੀ ਚਾਲਕ ਬਲਵੀਰ ਸਿੰਘ ਦੀ ਕੁੱਟਮਾਰ ਮਗਰੋਂ ਲੱਤ ਤੋੜਨ ਦੇ ਮਾਮਲੇ ਵਿੱਚ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇਅ ਸਥਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਅੱਜ ਲੱਗੇ ਮੋਰਚੇ ਕਾਰਨ ਟੌਲ ਕੰਪਨੀ ਨੂੰ ਜਨਤਕ ਦਬਾਅ ਅੱਗੇ ਝੁਕਣਾ ਪਿਆ। ਇਸ ਦੌਰਾਨ ਟੌਲ ਕੰਪਨੀ ਨੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਪੀੜਤ ਨੂੰ ਸਾਢੇ ਪੰਜ ਲੱਖ ਰੁਪਏ ਮੁਆਵਜ਼ਾ ਅਤੇ 17 ਪਿੰਡਾਂ ਨੂੰ ਟੌਲ ਮੁਕਤ ਕਰਨ ਦੀ ਸੂਚੀ ’ਚ ਦੋ ਹੋਰ ਪਿੰਡ ਸ਼ਾਮਲ ਕਰ ਦਿੱਤੇ।
ਟੌਲ ਪਲਾਜ਼ਾ ’ਤੇ ਲੱਗੇ ਮੋਰਚੇ ਤੋਂ ਬਾਅਦ ਭਾਵੇਂ ਸਮਝੌਤਾ ਸਿਰੇ ਚੜ੍ਹ ਗਿਆ ਪਰ ਜਥੇਬੰਦੀਆਂ ਨੇ ਦੋ ਦਿਨ ਟੌਲ ਵਸੂਲਣ ਨਹੀਂ ਦਿੱਤਾ। ਜਥੇਬੰਦੀ ਦੇ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਟੌਲ ਮੈਨੇਜਮੈਂਟ ਨਾਲ ਕਰਵਾਏ ਲਿਖਤੀ ਸਮਝੌਤੇ ’ਚ ਪੀੜਤ ਟਰੈਕਟਰ-ਟਰਾਲੀ ਚਾਲਕ ਬਲਵੀਰ ਸਿੰਘ ਦੇ ਗ਼ਰੀਬ ਮਜ਼ਦੂਰ ਪਰਿਵਾਰ ਨੂੰ ਇਲਾਜ ਦੇ ਖਰਚੇ ਸਮੇਤ ਕੁੱਲ ਸਾਢੇ ਪੰਜ ਲੱਖ ਰੁਪਏ ਦਾ ਨਕਦ ਮੁਆਵਜ਼ਾ ਦੇਣਾ, ਹਮਲਾਵਰ ਮੁਲਾਜ਼ਮਾਂ ਵੱਲੋਂ ਲਿਖਤੀ ਮੁਆਫ਼ੀ ਮੰਗਣਾ ਅਤੇ ਅੱਗੇ ਨੂੰ ਸਹੀ ਮਨੁੱਖੀ ਵਰਤਾਅ ਦਾ ਯਕੀਨ ਦੁਆਉਣਾ, ਟਰੈਕਟਰ ਟਰਾਲੀ ਤੂੜੀ ਵਾਲੀ ਸਮੇਤ ਹਰ ਤਰ੍ਹਾਂ ਦੀ ਟਰਾਲੀ ਨੂੰ ਟੌਲ ਮੁਕਤ ਕਰਵਾਉਣਾ, ਵਾਜਬ ਦੂਰੀ ਵਾਲੇ ਪਿੰਡ ਪੰਡੋਰੀ ਤੇ ਮੰਡਿਆਣੀ ਵੀ ਟੌਲ ਮੁਕਤ ਸੂਚੀ ’ਚ ਸ਼ਾਮਲ ਕਰਵਾਉਣਾ ਸ਼ਾਮਲ ਹੈ। ਇਸ ਤੋਂ ਪਹਿਲਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਔਰਤਾਂ ਤੇ ਮਰਦਾਂ ਨੇ ਚੌਕੀਮਾਨ ਟੌਲ ਪਲਾਜ਼ਾ ਘੇਰ ਲਿਆ ਤੇ ਟੌਲ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਧਰਨੇ ਵਿੱਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ ਨੇ ਕ੍ਰਾਂਤੀਕਾਰੀ ਗਾਇਕੀ ਦਾ ਰੰਗ ਬੰਨ੍ਹਿਆ।
ਇਸ ਮੌਕੇ ਹਰਦੇਵ ਸਿੰਘ ਮੁੱਲਾਂਪੁਰ, ਕਾਲਾ ਡੱਬ ਮੁੱਲਾਂਪੁਰ, ਮਨਜਿੰਦਰ ਸਿੰਘ ਮੋਰਕਰੀਮਾ, ਪਵਨਦੀਪ ਸਿੰਘ ਕੁਲਾਰ, ਜਥੇਦਾਰ ਗੁਰਮੇਲ ਸਿੰਘ ਢੱਟ, ਅਜੀਤ ਸਿੰਘ ਕੁਲਾਰ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਵੀ ਇਹ ਟੌਲ ਇਕ ਸਾਲ ਚੱਲਣ ਨਹੀਂ ਦਿੱਤਾ ਗਿਆ ਸੀ। ਇਸ ਮੌਕੇ ਗੁਰਸੇਵਕ ਸਿੰਘ ਸਵੱਦੀ, ਦਰਸ਼ਨ ਸਿੰਘ ਗੁੜੇ, ਤਜਿੰਦਰ ਸਿੰਘ ਵਿਰਕ, ਡਾ. ਗੁਰਮੇਲ ਸਿੰਘ ਕੁਲਾਰ, ਅਮਰ ਸਿੰਘ ਖੰਜਰਵਾਲ, ਅਵਤਾਰ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਮਲਕੀਅਤ ਸਿੰਘ ਬੱਦੋਵਾਲ ਆਦਿ ਧਰਨੇ ’ਚ ਸ਼ਾਮਲ ਸਨ।