ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਮਈ
ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਹੇਠ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਲਵਰ ਕੁੰਜ ਕਲੋਨੀ ਵਾਸੀ ਉਂਕਾਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਨਗਰ ਫਾਗੜਾਂ ਰੋਡ ’ਤੇ ਉਸਦਾ ਪੈਨ ਸੁਵਿਧਾ ਕੇਂਦਰ ਹੈ ਜਿੱਥੇ ਇੰਦਰਪਾਲ ਸਿੰਘ ਵਾਸੀ ਬਾਬਾ ਬੰਦਾ ਬਹਾਦਰ ਨਗਰ ਫਾਗੜਾਂ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਨੌਕਰੀ ਛੱਡਕੇ ਹੈਬੋਵਾਲ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ। ਉਸ ਨੇ ਦੋਸ਼ ਲਾਇਆ ਕਿ ਉਹ ਉਸਦੇ ਗਾਹਕਾਂ ਨੂੰ ਆਪਣੀ ਦੁਕਾਨ ’ਤੇ ਲਿਜਾਉਣ ਲਈ ਕੰਮ ਕਰ ਰਿਹਾ ਸੀ ਤੇ ਜਦੋਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸਨੇ ਆਪਣੇ ਪਿਤਾ ਜਸਵਿੰਦਰ ਸਿੰਘ ਨਾਲ ਮਿਲਕੇ ਉਸਦੀ ਦੁਕਾਨ ਉੱਪਰ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਉਹ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਅਤੇ ਉਸਦੇ ਗੱਲੇ ਵਿਚੋਂ 73 ਹਜ਼ਾਰ ਰੁਪਏ ਦੀ ਰਕਮ ਚੁੱਕਕੇ ਫ਼ਰਾਰ ਹੋ ਗਏ।