ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜਨਵਰੀ
ਮਾਲਵਾ ਖੇਤਰ ’ਚ ਹੋਈ ਭਾਰੀ ਬਾਰਿਸ਼ ਤੇ ਗੜਿਆਂ ਨੇ ਆਲੂਆਂ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਬਾਰਿਸ਼ ਨਾਲ ਹੋਏ ਨੁਕਸਾਨ ਦਾ ਸਰਵੇਖਣ ਕਰਵਾ ਕੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਤੇ ਕਾਸ਼ਤਕਾਰਾਂ ਨੂੰ ਫੌਰੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਇਥੇ ਹੋਈ ਮੀਟਿੰਗ ’ਚ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ, ਧਰਮ ਸਿੰਘ ਸੂਜਾਪੁਰ, ਗੁਰਮੇਲ ਸਿੰਘ ਭਰੋਵਾਲ ਤੇ ਹੋਰਨਾਂ ਨੇ ਕਿਹਾ ਕਿ ਬੀਤੇ ਦਿਨ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਭਾਰੀ ਨੁਕਸਾਨ ਡੂੰਘੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਤੋਂ ਕਿਸਾਨਾਂ ਦੀਆਂ ਫ਼ਸਲਾਂ ਵਿਸ਼ੇਸ਼ਕਰ ਆਲੂਆਂ ਤੇ ਸਬਜ਼ੀਆਂ ਦੇ ਹੋਏ ਭਾਰੀ ਨੁਕਸਾਨ ਦਾ ਮਾਲ ਮਹਿਕਮੇ ਵੱਲੋਂ ਜਲਦੀ ਸਰਵੇਖਣ ਕਰਕੇ ਆਰਥਿਕ ਪੂਰਤੀ ਕਰਨ ਦੀ ਮੰਗ ਕੀਤੀ ਗਈ।
ਯੂਰੀਆ ਦੀ ਕਿੱਲਤ ਦਾ ਕੋਈ ਠੋਸ ਹੱਲ ਕਡਣ ਦੀ ਮੰਗ
ਕਿਸਾਨ ਆਗੂਆਂ ਨੇ ਕਿਹਾ ਕਿ ਵਾਰ ਵਾਰ ਮੰਗ ਕਰਨ ਅਤੇ ਧਰਨੇ ਦੇਣ ਦੇ ਬਾਵਜੂਦ ਯੂਰੀਏ ਦੀ ਕਿੱਲਤ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਹੁਣ ਭਾਰੀ ਬਾਰਸ਼ ਤੋਂ ਬਾਅਦ ਫ਼ਸਲ ਦੀ ਉਪਜਾਕਤਾ ਵਧਾਉਣ ਲਈ ਯੂਰੀਆ ਦੀ ਮੰਗ ’ਚ ਦੁੱਗਣਾ ਵਾਧਾ ਹੋਵੇਗਾ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਨੂੰ ਪਹਿਲਾਂ ਚੱਲਦੀ ਯੂਰੀਆ ਦੀ 80 ਪ੍ਰਤੀਸ਼ਤ ਨਾਲੋਂ ਘਟਾ ਕੇ ਸਪਲਾਈ 50 ਫ਼ੀਸਦੀ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਲਿਮਟਾਂ ਚੁੱਕਣ ਮੌਕੇ ਸੁਸਾਇਟੀਆਂ ਨੂੰ ਯੂਰੀਆ ਦੀ ਖਰੀਦ ਲਈ ਐਡਵਾਂਸ ਪੇਮੈਂਟ ਜਮ੍ਹਾਂ ਕਰਵਾਈ ਹੋਈ ਹੈ ਪਰ ਸਪਲਾਈ ਨਾ ਮਿਲਣ ਕਾਰਨ ਮਜਬੂਰੀ ਵੱਸ ਬਾਜ਼ਾਰ ’ਚੋਂ ਖਰੀਦ ਕਰਨੀ ਪੈ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਯੂਰੀਆ ਖਾਦ ਦੀ ਪੂਰੀ ਸਪਲਾਈ ਸੁਸਾਇਟੀਆਂ ਰਾਹੀਂ ਪਹਿਲ ਦੇ ਆਧਾਰ ’ਤੇ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ।