ਪੱਤਰ ਪ੍ਰੇਰਕ
ਜਗਰਾਉਂ, 23 ਮਈ
ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਸੋਹੀ ਨੇ ਸਾਲਾਨਾ ਸਮਾਗਮ, ਸਕੂਲਾਂ ਕਾਲਜਾਂ ’ਚ ਬੱਚਿਆਂ ਨੂੰ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ, ਪੰਜਾਬੀ ਸੱਭਿਆਚਾਰ, ਵਿਰਸਾ ਤੇ ਵਿਰਾਸਤ, ਬੋਲੀ ਅਤੇ ਗੀਤਕਾਰੀ ਬਾਰੇ ਮੁਹਿੰਮ ਛੇੜਨ ਲਈ ਸਕੂਲਾਂ ਕਾਲਜਾਂ ’ਚ ਲੈਕਚਰ ਕਰਵਾਉਣ ਲਈ ਸਾਹਿਤਕਾਰਾਂ ਤੋਂ ਸੁਝਾਅ ਮੰਗੇ। ਇਸ ਤੋਂ ਇਲਾਵਾ ਕਹਾਣੀ ਦਰਬਾਰ ਕਰਵਾਉਣ ਦੀ ਵੀ ਗੱਲ ਤੁਰੀ। ਅਗਲੇ ਪੜਾਅ ਦੌਰਾਨ ਹੋਏ ਕਵੀ ਦਰਬਾਰ ’ਚ ਗੁਰਜੀਤ ਸਹੋਤਾ ਨੇ ਗਜ਼ਲ ‘ਚੁਣ-ਚੁਣ ਚੋਗਾ ਪਾਉਨੈ ਤੈਨੂੰ ਕੀ ਆਖਾਂ’, ਹਰਪ੍ਰੀਤ ਅਖਾੜਾ ਨੇ ਕਵਿਤਾ ‘ਕੁਦਰਤ ਤੇ ਮਨੁੱਖ’, ਦਲਜੀਤ ਹਠੂਰ ਨੇ ਲੋਕ ਗੀਤ ‘ਨੌਕਰ ਚੱਲਦਿਆਂ ਬੀਬਾ ਸਾਨੂੰ ਵੀ ਲੈ ਚੱਲ ਨਾਲੇ’, ਅਜੀਤ ਪਿਆਸਾ ਨੇ ਹਿੰਦੀ ਕਵਿਤਾ ‘ਭਰਮ ਸਾ ਮਿਲੇ’, ਸੋਹੀ ਨੇ ‘ਅੱਖਾਂ ਦਿਲ ਦੀ ਜ਼ੁਬਾਨ’, ਰਾਜਦੀਪ ਤੂਰ ਨੇ ਚੜ੍ਹ ਕਾਲੀਆਂ ਘਟਾਵਾਂ ਗਈਆਂ ਆ’, ਜਗਜੀਤ ਜੀਤ ਨੇ ‘ਮਿੱਟੀ ਦਾ ਮਿੱਟੀ ਦੇ ਗਲ ਲੱਗ ਰੋਣ ਦਾ ਮੌਸਮ ਆ ਗਿਆ’, ਐਚ.ਐਸ.ਡਿੰਪਲ ਨੇ ‘ਪਾਟੀ ਕਮੀਜ਼ ਵਰਗੀ ਹੈ’ ਦੀ ਪੇਸ਼ਕਾਰੀ ਕਰ ਹਾਜ਼ਰੀ ਲਵਾਈ। ਅੰਤ ਵਿੱਚ ਹੋਈ ਉਸਾਰੂ ਬਹਿਸ ’ਚ ਹਰਚੰਦ ਗਿੱਲ, ਰਮਨਦੀਪ ਚੌਹਾਨ, ਗੁਰਦੀਪ ਸਿੰਘ ਤੇ ਅਵਿਨਾਸ਼ਦੀਪ ਸਿੰਘ ਨੇ ਹਿੱਸਾ ਲਿਆ।