ਗਗਨਦੀਪ ਅਰੋੜਾ
ਲੁਧਿਆਣਾ, 10 ਅਪਰੈਲ
ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਬਾਵਜੂਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਲੁਧਿਆਣਾ ਤੋਂ ਵੱਡੇ ਆਗੂ ਉਭਰ ਕੇ ਸਾਹਮਣੇ ਆਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਫਿਰ ਵਿਸ਼ਵਾਸ ਜਤਾਇਆ ਹੈ। ਮੰਤਰੀ ਰਹਿੰਦੇ ਹੋਏ ਆਸ਼ੂ ਦੀ ਦਿੱਲੀ ਦਰਬਾਰ ਤੱਕ ਪਹੁੰਚ ਹੋਣ ਦਾ ਫਾਇਦਾ ਮਿਲਿਆ ਹੈ ਤੇ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਹੈ। ਆਸ਼ੂ ਦੇ ਪ੍ਰਧਾਨ ਬਣਨ ਦੇ ਨਾਲ ਹੀ ਲੁਧਿਆਣਾ ਵਿੱਚ ਮਾਯੂਸ ਬੈਠੇ ਆਸ਼ੂ ਧੜੇ ਵਿੱਚ ਖੁਸ਼ੀ ਦੀ ਲਹਿਰ ਹੈ। ਆਸ਼ੂ ਨੇ ਅੱਜ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪਾਰਟੀ ਨੂੰ ਨਗਰ ਨਿਗਮ ਦੀਆਂ ਚੋਣਾਂ ਤੇ ਲੋਕ ਸਭਾ ਚੋਣਾਂ ਵਿੱਚ ਜਿੱਤ ਦਿਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਘਰ ਵਿੱਚ ਬੈਠੇ ਕਾਂਗਰਸੀ ਵਰਕਰਾਂ ਨੂੰ ਬਾਹਰ ਕੱਢਣਾ ਤੇ ਉਨ੍ਹਾਂ ਨੂੰ ਇੱਕਜੁੱਟ ਰੱਖਣ ਦੀ ਉਹ ਪੂਰੀ ਕੋਸ਼ਿਸ਼ ਕਰਨਗੇ।
ਦੂਜੇ ਪਾਸੇ ਹਿੰਦੂ ਚਿਹਰਾ ਸੁਨੀਲ ਜਾਖੜ ਦੀ ਥਾਂ ਫਿੱਟ ਬੈਠਣ ਵਾਲੇ ਸਾਬਕਾ ਮੰਤਰੀ ਆਸ਼ੂ ਦੀ ਦਿੱਲੀ ਤੱਕ ਚੰਗੀ ਪਕੜ ਹੈ। ਉਹ ਲੁਧਿਆਣਾ ਤੋਂ ਦੋ ਵਾਰ ਚੋਣਾਂ ਜਿੱਤ ਚੁੱਕੇ ਹਨ। ਲੁਧਿਆਣਾ ਵਿੱਚ ਵੀ ਜ਼ਿਆਦਾਤਰ ਕਾਂਗਰਸੀ ਉਨ੍ਹਾਂ ਦੇ ਨਾਲ ਹੀ ਚੱਲ ਰਹੇ ਹਨ। ਹਲਕਾ ਪੱਛਮੀ ਵਿੱਚ ਉਨ੍ਹਾਂ ਦੇ 15 ਦੇ ਕਰੀਬ ਮੌਜੂਦਾ ਕੌਂਸਲਰ ਵੀ ਹਨ। ਮੌਜੂਦਾ ਮੇਅਰ ਬਲਕਾਰ ਸਿੰਘ ਸੰਧੂ ਵੀ ਆਸ਼ੂ ਗੁੱਟ ਦੇ ਮੈਂਬਰ ਹਨ। ਹੁਣ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਆਸ਼ੂ ਨੇ ਗੱਲ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰ ਮਿਲੀ ਹੈ, ਉਹ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਹਨ, ਇਸ ਤੋਂ ਬਾਅਦ 2024 ਵਿੱਚ ਲੋਕ ਸਭਾ। ਇਨ੍ਹਾਂ ਦੋਵੇਂ ਚੋਣਾਂ ਨੂੰ ਦੇਖਦੇ ਹੋਏ ਉਹ ਪਾਰਟੀ ਦੇ ਵਰਕਰਾਂ ਨੂੰ ਤਿਆਰ ਕਰਨਗੇ। ਚੋਣਾਂ ਵਿੱਚ ਹਾਰ ਤੋਂ ਬਾਅਦ ਜੋ ਵਰਕਰ ਮਾਯੂਸ ਹੋ ਕੇ ਘਰ ਬੈਠੇ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵੱਡੇ ਆਗੂ ਹਨ, ਉਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਹਨ, ਸਾਰਿਆਂ ਨੂੰ ਉਹ ਨਾਲ ਲੈ ਕੇ ਚੱਲਣਗੇ। ਪਾਰਟੀ ਵਿੱਚ ਗੁੱਟਬਾਜ਼ੀ ਨੂੰ ਦੂਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਵਾਅਦੇ ਕੀਤੇ ਹਨ ਪਰ ਉਹ ਵਾਅਦੇ ਪੂਰਾ ਹੋਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਸਾਹਮਣੇ ਉਹ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਸਾਹਮਣੇ ਲੈ ਕੇ ਆਉਣਗੇ ਤੇ ਸਰਕਾਰ ਨੂੰ ਘੇਰਿਆ ਜਾਵੇਗਾ।