ਸਤਵਿੰਦਰ ਬਸਰਾ
ਲੁਧਿਆਣਾ, 31 ਦਸੰਬਰ
ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ ਕੁੱਲ 16553 ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਲਾਭ ਪਹੁੰਚਾਇਆ ਗਿਆ ਹੈ। ਇਸ ਤਹਿਤ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ।
ਆਸ਼ੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ, ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਇਸ ਯੋਜਨਾ ਦੇ ਆਖਰੀ ਪੜਾਅ ਦੀ ਸ਼ੁਰੂਆਤ ਕੀਤੀ, ਨਾਲ ਵੀਡੀਓ ਕਾਨਫਰੰਸ ਜ਼ਰੀਏ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਸਮਾਗਮ ਦੇ ਆਰੰਭ ਵਿੱਚ ਨਵੇਂ ਸਾਲ ਦੀਆਂ ਦੀਆਂ ਵਧਾਈਆਂ ਦਿੰਦਿਆਂ ਆਸ਼ੂ ਨੇ ਕਿਹਾ ਕਿ ਇਸ ਪੜਾਅ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ ਕੁੱਲ 16553 ਵਿਦਿਆਰਥੀਆਂ ਨੂੰ 4944 ਸਮਾਰਟ ਫੋਨ ਵੰਡੇ ਜਾਣਗੇ। ਇਸ ਮੌਕੇ ਵਿਧਾਇਕ ਲੁਧਿਆਣਾ (ਕੇਂਦਰੀ) ਸੁਰਿੰਦਰ ਕੁਮਾਰ ਡਾਵਰ, ਵਿਧਾਇਕ (ਪੂਰਬੀ) ਸੰਜੇ ਤਲਵਾੜ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਸੁਬਰਾਮਨੀਅਮ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਆਦਿ ਹਾਜ਼ਰ ਸਨ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪੰਜਾਬ ਸਰਕਾਰ ਵੱਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਹੋਏ ‘ਕੈਪਟਨ ਸਮਾਰਟ ਕਨੈਕਟ ਸਕੀਮ’ ਤਹਿਤ ਅੱਜ ਲੋਕ ਸਭਾ ਹਲਕਾ ਸ੍ਰੀ ਫਤਿਹ੍ਵ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੱਖ ਵੱਖ ਪਿੰਡਾਂ ਦੇ 19 ਸਕੂਲਾਂ ਦੇ ਵਿਦਿਆਰਥੀਆਂ 1024 ਨੂੰ ਫੋਨ ਵੰਡੇ। ਇਸ ਸਬੰਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੱਧਾਹੂਰ ਵਿੱਚ ਬਾਰ੍ਹਵੀਂ ਜਮਾਤ ਦੇ 133 ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਿੱਤੇ ਗਏ। ਇਸ ਮੌਕੇ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ ਅਤੇ ਯੂਥ ਆਗੂ ਕਾਮਿਲ ਬੋਪਾਰਾਏ ਵੀ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਨੂਰਪੁਰਾ ਸਕੂਲ ਦੇ ਵਿਦਿਆਰਥੀਆਂ ਨੂੰ 30, ਬੜੂੰਦੀ ਵਿੱਚ 25, ਬੱਸੀਆਂ ਵਿੱਚ 43, ਭੈਣੀ ਬੜਿੰਗਾ 124, ਭੈਣੀ ਦਰੇੜਾ ’ਚ 32, ਹਲਵਾਰਾ ’ਚ 51, ਜਲਾਲਦੀਵਾਲ ’ਚ 52, ਝੋਰੜਾਂ ਵਿੱਚ 43, ਕਲਸੀਆਂ ’ਚ 26, ਕਰੀਰ ਸਾਹਿਬ ਲਿੱਤਰ ’ਚ 30, ਲੋਹਟਬੱਦੀ ’ਚ 17, ਮਹੇਰਨਾਂ ਕਲਾਂ ’ਚ 29, ਨੱਥੋਵਾਲ ’ਚ 48, ਪੱਖੋਵਾਲ ’ਚ 102, ਰਛੀਨ ’ਚ 45, ਸਾਹਿਬਾਜ਼ਪੁਰਾ ’ਚ 50, ਬਰ੍ਹਮੀ ’ਚ 59 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੂੰ 85 ਸਮਾਰਟ ਫੋਨ ਦਿੱਤੇ ਗਏ।