ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
ਦੀਵਾਲੀ ਦਾ ਤਿਉਹਾਰ ਹਮਦਰਦੀ, ਮਨੁੱਖਤਾ ਅਤੇ ਭਾਈਚਾਰਕ ਸਾਂਝ ਨਾਲ ਮਨਾਉਣ ਦੇ ਉੱਦਮ ਵਜੋਂ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਨਗਰ ਨਿਗਮ ਦੇ 800 ਤੋਂ ਵੱਧ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਨਾਲ ਦੀਵਾਲੀ ਮਨਾਈ ਹੈ।
ਵਿਧਾਨ ਸਭਾ ਹਲਕਾ ਪੱਛਮੀ ਦੇ 17 ਵਾਰਡਾਂ ਵਿੱਚ ਤਾਇਨਾਤ ਸਾਰੇ ਸੀਵਰਮੈਨਾਂ ਤੇ ਸਫ਼ਾਈ ਮੁਲਾਜ਼ਮਾਂ ਨੂੰ ਮੰਤਰੀ ਆਸ਼ੂ ਨੇ ਵਿਸ਼ੇਸ਼ ਸੱਦਾ ਦੇ ਕੇ ਕੋਚਰ ਮਾਰਕੀਟ ਸਥਿਤ ਦਫ਼ਤਰ ਵਿੱਚ ਬੁਲਾਇਆ ਸੀ, ਜਿੱਥੇ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਹੋਰਾਂ ਕੌਂਸਲਰਾਂ ਦੇ ਨਾਲ ਸਾਰੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਦੀਵਾਲੀ ਦੇ ਤੋਹਫ਼ੇ ਦਿੱਤੇ ਗਏ।
ਕੈਬਨਿਟ ਮੰਤਰੀ ਆਸ਼ੂ ਨੇ ਕਿਹਾ ਕਿ ਲੁਧਿਆਣਾ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਵਿੱਚ ਦਿਨ-ਰਾਤ ਲੱਗੇ ਇਨ੍ਹਾਂ ਮੋਹਰੀ ਯੋਧਿਆਂ ਨਾਲ ਰੌਸ਼ਨੀ ਦਾ ਤਿਉਹਾਰ ਮਨਾਉਣਾ ਉਨ੍ਹਾਂ ਲਈ ਇੱਕ ਅਹਿਮ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਕਾਮਿਆਂ ਦੇ ਨਾਲ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਜਿਹੜੇ ਕਿ ‘ਅਸਲ ਨਾਇਕ’ ਹਨ ਅਤੇ ਜਿਨ੍ਹਾਂ ਲੁਧਿਆਣਾ ਸਮਾਰਟ ਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਦੀਵਾਲੀ ਦੀਆਂ ਚਮਕਦੀਆਂ ਰੌਸ਼ਨੀਆਂ ਨਾ ਸਿਰਫ਼ ਹਰ ਘਰ ਨੂੰ ਰੌਸ਼ਨ ਕਰਦੀਆਂ ਹਨ, ਸਗੋਂ ਇਹ ਹਨੇਰੇ ’ਤੇ ਚਾਨਣ ਦੀ ਜਿੱਤ, ਬੁਰਾਈ ’ਤੇ ਚੰਗਿਆਈ ਅਤੇ ਨਿਰਾਸ਼ਾ ਵਿੱਚ ਆਸ ਦਾ ਪ੍ਰਤੀਕ ਵੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨਾਉਣ, ਜਿਸ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ।