ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਪਰੈਲ
ਖਾਲਸਾ ਕਾਲਜ ਫਾਰ ਵਿਮੈਨ ਦੀਆਂ 61ਵੀਆਂ ਸਾਲਾਨਾ ਖੇਡਾਂ ਅੱਜ ਸਮਾਪਤ ਹੋ ਗਈਆਂ। ਸਮਾਪਤੀ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਭਾਗ ਦੇ ਚੇਅਰਪਰਸਨ ਡਾ. ਗੁਰਮੀਤ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ, ਸਟਾਫ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਗੁਰਸਿਮਰਨ ਸਿੰਘ ਗਰੇਵਾਲ, ਕੁਸ਼ਲ ਢਿੱਲੋਂ, ਰਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੇ ਅਰੰਭ ਵਿੱਚ ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਕਾਲਜ ਦੀਆਂ ਖਿਡਾਰਨਾਂ ਨੇ ਇਸ ਸਾਲ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ 37 ਸੋਨੇ, 31 ਚਾਂਦੀ ਅਤੇ 60 ਕਾਂਸੇ ਦੇ ਤਗ਼ਮੇ ਪ੍ਰਾਪਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਕਾਲਜ ਖਿਡਾਰੀਆਂ ਨੇ 4 ਲੱਖ ਦੇ ਕਰੀਬ ਰਾਸ਼ੀ ਦੇ ਨਕਦ ਇਨਾਮ ਹਾਸਲ ਕੀਤੇ ਹਨ। ਇਨ੍ਹਾਂ ਖੇਡਾਂ ਵਿੱਚ ਬੀਏ ਭਾਗ ਦੂਜਾ ਦੀ ਅਸ਼ਮਿਨਾ ਨੂੰ ਬੈਸਟ ਅਥਲੀਟ ਐਲਾਨਿਆ ਗਿਆ ਜਦਕਿ ਵਧੀਆ ਖਿਡਾਰਨ ਦਾ ਖਿਤਾਬ ਰੁਪਿੰਦਰ ਕੌਰ ਨੇ ਪ੍ਰਾਪਤ ਕੀਤਾ। ਸਮਾਗਮ ਦੌਰਾਨ ਜਿੱਥੇ ਇਨਾਮ ਵੰਡੇ ਗਏ ਉੱਥੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਹੋਇਆ। ਇਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਦਰਸ਼ ਨੱਚਣ ਲਾ ਦਿੱਤੇ।