ਸਤਵਿੰਦਰ ਬਸਰਾ
ਲੁਧਿਆਣਾ, 13 ਅਗਸਤ
ਅੱਜ ਇਥੇ ਆਸ਼ਾ ਵਰਕਰਾਂ ਨੇ ਡੀਸੀ ਦਫਤਰ ਦੇ ਬਾਹਰ ਰੋਸ ਧਰਨਾ ਲਾ ਕਿ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਸ਼ਾ ਵਰਕਰਾਂ ਵੱਲੋਂ 18 ਹਜ਼ਾਰ ਰੁਪਏ ਪੱਕੀ ਤਨਖਾਹ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਸਿਵਲ ਸਰਜਨ ਦਫ਼ਤਰ ਦੀ ਥਾਂ ਡੀਸੀ ਦਫ਼ਤਰ ਦੇ ਬਾਹਰ ਲੱਗੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਜੀਤ ਕੌਰ ਦਾਦ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਉਨ੍ਹਾਂ ਨੇ ਸਿਹਤ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਜ਼ਿਲ੍ਹਾ ਮਾਲ ਅਫਸਰ ਨੂੰ ਸੌਂਪਿਆ। ਆਲ ਇੰਡੀਆ ਵਰਕਰਜ਼ ਅਤੇ ਫੈਸਿਲੀਟੇਟਰਜ਼ ਦੇ ਸੱਦੇ ’ਤੇ ਲਾਏ ਗਏ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਅਠਾਰਾਂ ਹਜ਼ਾਰ ਰੁਪਏ ਮਹੀਨਾ ਪੱਕੀ ਤਨਖਾਹ ਦੇ ਦਾਇਰੇ ਵਿੱਚ ਲਿਆਉਣ, ਆਸ਼ਾ ਫੈਸਿਲੀਟੇਟਰਾਂ ਨੂੰ ਆਂਗਨਵਾੜੀ ਸੁਪਰਵਾਈਜ਼ਰ ਦਾ ਸਕੇਲ ਦੇਣ, ਟੂਰ ਭੱਤਾ ਪੰਜ ਸੌ ਰੁਪਏ ਕਰਨ ਅਤੇ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਬੀਰ ਕੌਰ, ਅਮਰਜੀਤ ਕੌਰ ਹਠੂਰ, ਨੀਲਮ ਰਾਣੀ, ਮਨਪ੍ਰੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆਂ
ਆਸ਼ਾ ਵਰਕਰਾਂ ਨੇ ਕਿਹਾ ਕਿ ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਅਫਸਰਾਂ ਨਾਲ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਜਿੰਨਾਂ ਚਿਰ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਨਾਂ ਚਿਰ ਹਰਿਆਣਾ ਪੈਟਰਨ ’ਤੇ ਤਨਖਾਹ ਦਿੱਤੀ ਜਾਵੇ। ਇਸ ਦੌਰਾਨ ਇੱਕ ਮੰਗ ਪੱਤਰ ਸਿਵਲ ਸਰਜਨ ਦੇ ਨਾਂ ’ਤੇ ਵੀ ਦਿੱਤਾ ਗਿਆ। ਇਸ ਵਿੱਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਦੀਆਂ ਸਿਵਿਲ ਸਰਜਨ ਨਾਲ ਚਿਰਾਂ ਤੋਂ ਲਟਕਦੀਆਂ ਮੰਗਾਂ ਸ਼ਾਮਿਲ ਸਨ।