ਗਗਨਦੀਪ ਅਰੋੜਾ
ਲੁਧਿਆਣਾ, 29 ਜੁਲਾਈ
ਇੱਥੇ ਅੱਜ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਭਾਂਡੇ ਖੜਕਾ ਕੇ ਭਾਰਤ ਨਗਰ ਚੌਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਰਾਜਵੀਰ ਕੌਰ ਨੇ ਕੀਤੀ। ਇਸ ਦੌਰਾਨ ਆਸ਼ਾ ਵਰਕਰਾਂ ਨੇ ਪਹਿਲਾਂ ਡੀਸੀ ਦਫ਼ਤਰ ਅੱਗੇ ਖਾਲੀ ਭਾਂਡੇ ਖੜਕਾ ਕੇ ਨਾਅਰੇਬਾਜ਼ੀ ਕੀਤੀ, ਜਿਸ ਉਪਰੰਤ ਡੀਸੀ ਦਫ਼ਤਰ ਤੋਂ ਭਾਰਤ ਨਗਰ ਚੌਕ ਤੱਕ ਰੋਸ ਮਾਰਚ ਕਰਕੇ ਟਰੈਫਿਕ ਜਾਮ ਕੀਤਾ ਗਿਆ। ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਭਾਰਤ ਨਗਰ ਚੌਕ ਵਿੱਖੇ ਚਾਰੇ ਰਸਤਿਆਂ ਦੇ ਟਰੈਫਿਕ ਨੂੰ ਬੰਦ ਕਰਕੇ ਸਰਕਾਰ ਦੇ ਝੂਠ ਦੇ ਘੜੇ ਨੂੰ ਭੰਨ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮੰਨਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਕਰੋਨਾ ਼ਕਾਲ ਦੌਰਾਨ ਵੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਡਿਊਟੀ ਨੂੰ ਤਨਦੇਹੀ ਪੂਰੀ ਇਮਾਨਦਾਰੀ ਨਾਲ ਨਿਭਾਇਆ ਗਿਆ ਹੈ ਪਰ ਸਰਕਾਰ ਉਨ੍ਹਾਂ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕਰਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਭਾਰਤ ਨਗਰ ਚੌਕ ਵਿੱਚ ਕੀਤੇ ਗਏ ਜਾਮ ਦੇ ਦੌਰਾਨ ਸਹਾਇਕ ਕਮਿਸ਼ਨਰ ਪਰਲੀਨ ਕੌਰ ਕਾਲੀਕੇ ਨੇ ਉੱਚੇਚੇ ਤੌਰ ’ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਪਾਸੋਂ ਸਰਕਾਰ ਨੂੰ ਭੇਜਣ ਲਈ ਮੰਗ ਪੱਤਰ ਲਿਆ, ਜਿਸ ਤੋਂ ਬਾਅਦ ਜਾਮ ਖੋਲ੍ਹਿਆ ਗਿਆ।
ਆਸ਼ਾ ਵਰਕਰਾਂ ਦੀਆਂ ਮੰਗਾਂ
ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਇਨਸੈਂਟਿਵ, ਫਿਕਸ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪੰਜ ਸੌ ਰੁਪਏ ਪ੍ਰਤੀ ਟੂਰ, ਘੱਟ ਤੋਂ ਘੱਟ 15 ਸੌ ਰੁਪਏ ਪ੍ਰਤੀ ਮਹੀਨਾ ਲਾਗੂ, ਸਮਾਰਟ ਫੋਨ, ਡਿਊਟੀ ਦੌਰਾਨ ਜਾਨ ਗਵਾਉਣ ਵਾਲੀਆਂ ਵਰਕਰਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਵਧੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਸੀਐੱਚਓ ਦੇ ਟੀਮ ਬੇਸਿਕ ਇਨਸੈਂਟਿਵ ਦੀ ਪੇਮੈਂਟ ਵਿੱਚ ਜੋੜਿਆ ਜਾਵੇ ਅਤੇ ਆਸ਼ਾ ਵਰਕਰਾਂ ਨੂੰ ਸੀਐੱਚਓ ਦੇ ਇਨਸੈਂਟਿਵ ਦੀ ਪੇਮੈਂਟ ਹਰ ਮਹੀਨੇ ਦੇਣਾ ਸ਼ਾਮਲ ਹੈ।