ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਮਾਰਚ
ਵਿਧਾਨ ਸਭਾ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣ ਜਾ ਰਹੀ ਹੈ। ਜਿਵੇਂ ਜਿਵੇਂ ਇਹ ਦਿਨ ਨੇੜੇ ਆ ਰਿਹਾ ਹੈ ਉਮੀਦਵਾਰ ਗਿਣਤੀਆਂ ਮਿਣਤੀਆਂ ’ਚ ਹੋਰ ਉਲਝਦੇ ਜਾ ਰਹੇ ਹਨ। ਦੋ ਹਫਤੇ ਲੰਘ ਜਾਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਣ ਦੀ ਥਾਂ ਧੁੰਦਲੀ ਹੀ ਨਜ਼ਰ ਆ ਰਹੀ ਹੈ। ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਖਾਸ ਹਮਾਇਤੀ ਰੋਜ਼ਾਨਾ ਆ ਕੇ ਹੌਸਲਾ ਵਧਾਉਣ ਦਾ ਕੰਮ ਕਰਦੇ ਹਨ ਪਰ ਐਤਕੀਂ ਚੋਣ ਲੜਨ ਵਾਲਿਆਂ ਨੂੰ ਧਰਵਾਸ ਨਹੀਂ। ਇਸ ਦਾ ਮੁੱਖ ਕਾਰਨ ਹੈ ਚੁੱਪ-ਵੋਟ। ਹਾਲੇ ਤੱਕ ਚੋਣਾਂ ਮੌਕੇ ਵੋਟਰ ਆਪਣਾ ਰੁਖ਼ ਸਾਫ ਕਰ ਦਿੰਦੇ ਸਨ ਪਰ ਇਸ ਵਾਰ ਵੋਟਰਾਂ ਨੇ ਸਿਆਸੀ ਧਿਰਾਂ ਤੇ ਉਮੀਦਵਾਰਾਂ ਨੂੰ ਅਜਿਹੇ ਚੱਕਰਾਂ ’ਚ ਪਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਚੱਕਰ ਆਉਣ ਦੀ ਨੌਬਤ ਆਈ ਪਈ ਹੈ। ਵੇਰਵਿਆਂ ਅਨੁਸਾਰ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਢੰਗ ਤਰੀਕੇ ਨਾਲ ਸਰਵੇਖਣ ਵੀ ਕਰਵਾਏ ਹਨ। ਖ਼ਬਰਾਂ ਵਾਲੇ ਚੈਨਲਾਂ ਦੇ ਰਿਪੋਰਟਰ ਵੀ ਸ਼ਹਿਰ-ਸ਼ਹਿਰ ਘੁੰਮ ਕੇ ਵੋਟਰਾਂ ਦਾ ਦਿਲ ਫਰੋਲਣ ਤੇ ਦਿਮਾਗ ਪੜ੍ਹਨ ’ਚ ਨਾਕਾਮ ਸਾਬਤ ਹੋ ਰਹੇ ਹਨ। ਇਨ੍ਹਾਂ ਸਰਵੇਖਣਾਂ ਤੇ ਰਿਪੋਰਟਾਂ ਦੇ ਆਧਾਰ ’ਤੇ ਵੀ ਨਾ ਕੋਈ ਰਾਇ ਬਣ ਰਹੀ ਹੈ ਅਤੇ ਨਾ ਸਥਿਤੀ ਸਪੱਸ਼ਟ ਹੋ ਰਹੀ ਹੈ। ਉਮੀਦਵਾਰਾਂ ਤੋਂ ਇਲਾਵਾ ਦੂਜੀ ਕਤਾਰ ਦੇ ਆਗੂ ਪੱਤਰਕਾਰਾਂ ਤੋਂ ਰੋਜ਼ਾਨਾ ਜਿੱਤ-ਹਾਰ ਦੀਆਂ ਕਨਸੋਆਂ ਲੈਂਦੇ ਹਨ। ਉਹ ਆਪਣੇ ਪੱਖ ’ਚ ਦਲੀਲਾਂ ਘੜ ਕੇ ਜਿੱਤ ਦੀ ਸੰਭਾਵਨਾ ਤਲਾਸ਼ਦੇ ਹਨ। ਪਿੰਡਾਂ ਦੀਆਂ ਸੱਥਾਂ ’ਚ ਵੀ ਪਿਛਲੇ ਕਰੀਬ ਦੋ ਹਫਤੇ ਤੋਂ ਚਰਚਾ ਦਾ ਮੁੱਖ ਵਿਸ਼ਾ ਚੋਣ ਨਤੀਜੇ ਹੀ ਬਣੇ ਹੋਏ ਹਨ।
ਜਗਰਾਉਂ ’ਚ ਇਕ ਉਮੀਦਵਾਰ ਦਾ ਹੱਥ ਉੱਪਰ ਹੋਣ ਦੀ ਗੱਲ ਬਹੁਤੇ ਲੋਕ ਮੰਨਦੇ ਹਨ ਪਰ ਸਰਕਾਰ ਬਣਨ ਨੂੰ ਲੈ ਕੇ ਇਹ ਲੋਕ ਵੀ ਨਿਰਾਸ਼ਾ ਦੇ ਆਲਮ ’ਚ ਚਲੇ ਜਾਂਦੇ ਹਨ। ਲੋਕਾਂ ਲਈ ਕਿਸੇ ਉਮੀਦਵਾਰ ਦੀ ਜਿੱਤ ਹਾਰ ਨਾਲੋਂ ਵਧੇਰੇ ਮਹੱਤਵ ਦਾ ਵਿਸ਼ਾ ਸਰਕਾਰ ਬਣਨ ਨੂੰ ਲੈ ਕੇ ਹੈ। ਲੋਕ-ਰਾਇ ਇਹੋ ਬਣ ਰਹੀ ਹੈ ਕਿ ਸਪੱਸ਼ਟ ਬਹੁਮਤ ਨਾ ਮਿਲਣ ’ਤੇ ਕਿਹੜੀ ਪਾਰਟੀ ਕਿਸ ਨਾਲ ਗੱਠਜੋੜ ਕਰੇਗੀ ਅਤੇ ਭਾਜਪਾ ਫਿਰ ਕਿਹੜੀ ਖੇਡ ਖੇਡੇਗੀ ਜਾਂ ਨੇੜ ਭਵਿੱਖ ’ਚ ਦੁਬਾਰਾ ਵੋਟਾਂ ਪੈਣ ਦੀ ਨੌਬਤ ਆ ਜਾਵੇਗੀ। ਇਹ ਸਭ ਸਪੱਸ਼ਟ 10 ਮਾਰਚ ਨੂੰ ਨਤੀਜੇ ਆਉਣ ’ਤੇ ਹੀ ਹੋਵੇਗਾ ਪਰ ਉਦੋਂ ਤੱਕ ਲੋਕ ਇੰਝ ਹੀ ਸਵਾਦ ਲੈਂਦੇ ਰਹਿਣਗੇ ਅਤੇ ਉਮੀਦਵਾਰਾਂ ਦਾ ਖੂਨ ਦਾ ਦਬਾਅ ਵਧਦਾ ਘਟਦਾ ਰਹੇਗਾ।