ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਮਈ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੁੱਢੇ ਨਾਲੇ ਤੋਂ ਬਾਅਦ ਤਾਜਪੁਰ ਰੋਡ ’ਤੇ ਬਣਿਆ ਕੂੜੇ ਦਾ ਡੰਪ ਵੱਡਾ ਪ੍ਰਦੂਸ਼ਣ ਦਾ ਕਾਰਨ ਬਣ ਗਿਆ ਹੈ। ਦਿਨ ਵੇਲੇ ਕੂੜੇ ਦੇ ਦਿਖਦੇ ਪਹਾੜ ਨੁਮਾ ਢੇਰ ਰਾਤ ਹੁੰਦੇ-ਹੁੰਦੇ ਅੱਗ ਦੇ ਪਹਾੜਾਂ ਦਾ ਰੂਪ ਧਾਰ ਲੈਂਦੇ ਹਨ। ਪਰ ਦੂਜੇ ਪਾਸੇ ਨਗਰ ਨਿਗਮ ਦੇ ਇੱਕ ਉੱਚ ਅਧਿਕਾਰੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਗ ਕੋਈ ਲਗਾਉਂਦਾ ਨਹੀਂ ਸਗੋਂ ਮੀਥੇਨ ਗੈਸ ਕਾਰਨ ਲੱਗਦੀ ਹੈ। ਕੂੜਾ ਡੰਪ ਨੇੜੇ ਰਹਿੰਦੇ ਰਾਜੇਸ਼ ਨਾਂ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਇਸ ਕੂੜੇ ਕਰਕੇ ਆਸ-ਪਾਸ ਦੇ ਲੋਕ ਬੜੇ ਪ੍ਰੇਸ਼ਾਨ ਹਨ। ਬਰਸਾਤੀ ਮੌਸਮ ਵਿੱਚ ਜਿੱਥੇ ਇਹ ਕੂੜਾ ਬਦਬੂ ਫੈਲਾਉਂਦਾ ਹੈ, ਉੱਥੇ ਗਰਮੀਆਂ ਵਿੱਚ ਅੱਗ ਲੱਗਣ ਨਾਲ ਆਸ-ਪਾਸ ਦੇ ਇਲਾਕੇ ਹੋਰ ਗਰਮ ਹੋ ਜਾਂਦੇ ਹਨ। ਧੂੰਏ ਕਾਰਨ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਕੂੜਾ ਡੰਪ ਨੂੰ ਅਬਾਦੀ ਤੋਂ ਦੂਰ ਬਣਾਇਆ ਜਾਵੇ। ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਕੂੜਾ ਡੰਪ ’ਤੇ ਲੱਗਿਆ ਏ-ਟੂ-ਜ਼ੈੱਡ ਕੰਪਨੀ ਦਾ ਪ੍ਰਾਜੈਕਟ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਮੁੱਖ ਮੰਤਰੀ ਵੱਲੋਂ ਇਸ ਦੇ ਕੂੜੇ ਦੇ ਨਿਪਟਾਰੇ ਲਈ ਪਲਾਨਿੰਗ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ।
ਸਮੱਸਿਆ ਦਾ ਕੋਈ ਹੱਲ ਨਹੀਂ: ਨਿਗਮ ਅਧਿਕਾਰੀ
ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਵਿਪੁਲ ਮਲਹੋਤਰਾ ਨੇ ਕਿਹਾ ਕਿ ਕੂੜੇ ਨੂੰ ਕੋਈ ਅੱਗ ਲਗਾਉਂਦਾ ਨਹੀਂ ਸਗੋਂ ਮੀਥੇਨ ਗੈਸ ਨਾਲ ਲੱਗਦੀ ਹੈ। ਜਦੋਂ ਉਨ੍ਹਾਂ ਨੂੰ ਕਿਹਾ ਕਿ ਇਸ ਅੱਗ ਨਾਲ ਆਸ-ਪਾਸ ਦੇ ਲੋਕ ਕਾਫੀ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਮੀਥੇਨ ਗੈਸ ਨਾਲ ਅੱਗ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਲੱਗਦੀ ਸਗੋਂ ਹੋਰ ਕਈ ਥਾਵਾਂ ’ਤੇ ਵੀ ਲਗਦੀ ਹੈ ਇਸ ਲਈ ਇਸ ਦਾ ਕੋਈ ਹੱਲ ਨਹੀਂ ਹੈ।