ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਅਗਸਤ
ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਬਿਜਲੀ ਸੋਧ ਬਿਲ ਪੇਸ਼ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਅਰਥੀ ਫੂਕ ਮੁਜ਼ਾਹਰੇ ਤੇਜ਼ ਕਰ ਦਿੱਤੇ ਹਨ। ਅੱਜ ਨੇੜਲੇ ਪਿੰਡ ਚਕਰ ਅਤੇ ਸਵੱਦੀ ਕਲਾਂ ‘ਚ ਬਿਲ ਦੀਆਂ ਕਾਪੀਆਂ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤੇ। ਪਿੰਡ ਚਕਰ ਵਿੱਚ ਪੰਜਾਬ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਦੀ ਅਗਵਾਈ ਵਿੱਚ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਰੋਹ ਦੇ ਦਬਾਅ ਹੇਠ ਪੈਰ ਪਿਛਾਂਹ ਖਿੱਚਿਆ ਅਤੇ ਬਿਲ ਸਟੈਡਿੰਗ ਕਮੇਟੀ ਕੋਲ ਵਾਪਸ ਭੇਜ ਦਿੱਤਾ।
ਇਸੇ ਤਰ੍ਹਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਵੱਦੀ ਕਲਾਂ ਵਿਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਨੰਬਰਦਾਰ ਮਨਮੋਹਨ ਸਿੰਘ ਪੰਡੋਰੀ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ ਦੀ ਅਗਵਾਈ ਵਿਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਕੀਤੇ 9 ਦਸੰਬਰ 2021 ਦੇ ਬਕਾਇਦਾ ਲਿਖਤੀ ਇਕਰਾਰਨਾਮੇ ਦੀਆਂ ਦੂਜੀ ਵਾਰ ਧੱਜੀਆਂ ਉਡਾਈਆਂ ਹਨ। ਅਜਿਹਾ ਬਿਲ ਲਿਆ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਬਿੱਲ ਦੇ ਐਕਟ ਬਣਾਏ ਜਾਣ ਨਾਲ ਨਿੱਜੀਕਰਨ ਵਧੇਗਾ ਜਿਸ ਦੇ ਸਿੱਟੇ ਵਜੋਂ ਖੇਤੀ ਦੀਆਂ ਬਿਜਲੀ ਮੋਟਰਾਂ, ਐੱਸਸੀ, ਬੀਸੀ, ਬੀਪੀਐੱਲ ਵਰਗਾਂ, ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਅਤੇ ਆਮ ਬਿਜਲੀ ਖ਼ਪਤਕਾਰਾਂ ਨੂੰ ਮਿਲਦੀਆਂ ਸਬਸਿਡੀਆਂ ਰੂਪੀ ਸਹੂਲਤਾਂ ਦੇ ਖ਼ਾਤਮੇ ਦਾ ਮੁੱਢ ਬੱਝੇਗਾ। ਯੂਨੀਅਨ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਸਾਨਾਂ, ਮਜ਼ਦੂਰਾਂ ਸਣੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਬਿਜਲੀ ਸੋਧ ਬਿਲ 2022 ਦੀ ਵਾਪਸੀ ਲਈ ਸ਼ੁਰੂ ਕੀਤੇ ਸੰਘਰਸ਼ ਵਿੱਚ ਹਿੱਸਾ ਪਾ ਕੇ ਆਪਣੇ ਹੱਕਾਂ ਦੀ ਰਾਖੀ ਕਰਨ।
ਬਿਜਲੀ ਸੋਧ ਬਿਲ ਖ਼ਿਲਾਫ਼ ਮੁਜ਼ਾਹਰਾ 16 ਨੂੰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਬਿਜਲੀ ਸੋਧ ਬਿਲ ਦਾ ਵਿਰੋਧ ਕਰਦਿਆਂ 16 ਅਗਸਤ ਨੂੰ ਇਸ ਵਿਰੁੱਧ ਰੋਸ ਮੁਜ਼ਾਹਰਾ ਕਰ ਕੇ ਬਿਜਲੀ ਸੋਧ ਬਿਲ ਦੀਆਂ ਕਾਪੀਆਂ ਫੂਕਣ ਦਾ ਫ਼ੈਸਲਾ ਕੀਤਾ ਹੈ। ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਦੱਸਿਆ ਕਿ ਸਮਰਾਲਾ ਚੌਕ ਵਿਚ ਦੁਪਹਿਰ ਇੱਕ ਵਜੇ ਜਥੇਬੰਦੀਆਂ ਵੱਲੋਂ ਰੈਲੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਰਤੀ ਲੋਕਾਂ ਨੂੰ ਇਸ ਲੋਕ ਮਾਰੂ ਬਿਲ ਨੂੰ ਰੱਦ ਕਰਾਉਣ ਲਈ ਜ਼ੋਰਦਾਰ ਸੰਘਰਸ਼ ਦਾ ਸੱਦਾ ਵੀ ਦਿੱਤਾ ਹੈ।