ਮਾਛੀਵਾੜਾ: ਐਵੀਓਰ ਕਾਨਵੈਂਟ ਸਕੂਲ ਮਾਛੀਵਾੜਾ ਵਿੱਚ ਆਰਟ ਕਰਾਫ਼ਟ ਅਤੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਪ੍ਰੀ-ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਜਾਵਟ ਦੀਆਂ ਵਸਤਾਂ ਬਣਾਈਆਂ। ਇਸੇ ਤਰ੍ਹਾਂ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਜਵਾਲਾਮੁਖੀ, ਪਾਣੀ ਦਾ ਚੱਕਰ, ਵਾਢੀ ਅਤੇ ਪ੍ਰਦੂਸ਼ਣ ਨਾਲ ਸਬੰਧਿਤ ਮਾਡਲ ਬਣਾਏ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਪ੍ਰਿੰਸੀਪਲ ਗੁਰਿੰਦਰਪਾਲ ਸਿੰਘ, ਸਕੂਲ ਕਮੇਟੀ ਦੇ ਪ੍ਰਧਾਨ ਤਜਿੰਦਰਪਾਲ ਸਿੰਘ, ਵਾਈਸ ਪ੍ਰਧਾਨ ਹਰਿੰਦਰਪਾਲ ਸਿੰਘ ਤੇ ਸੈਕਟਰੀ ਸਿਮਰਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। -ਪੱਤਰ ਪ੍ਰੇਰਕ