ਹਰਿਆਣਾ ਤੋਂ ਲਿਆ ਕੇ ਵੇਚਦੇ ਸਨ ਸ਼ਰਾਬ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਸਤੰਬਰ
ਪੁਲੀਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਹਰਿਆਣਾ ਦੀ ਸ਼ਰਾਬ ਬਰਾਮਦ ਕੀਤੀ ਹੈ। ਏਡੀਸੀਪੀ ਰੁਪਿੰਦਰ ਕੌਰ ਭੱਟੀ ਅਤੇ ਏਸੀਪੀ ਮਨਦੀਪ ਸਿੰਘ ਦੀਆਂ ਹਦਾਇਤਾਂ ’ਤੇ ਐਂਟੀ ਸਮਗਲਿੰਗ ਸੈੱਲ ਦੇ ਅਧਿਕਾਰੀ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਏਐਸਅਆਈ ਰਜੇਸ਼ ਕੁਮਾਰ ਨੇ ਬੋਲੈਰੋ ਨੂੰ ਰੋਕ ਕੇ ਪਾਬੰਦੀਸ਼ੁਦਾ ਹਰਿਆਣਾ ਦੀ ਸ਼ਰਾਬ ਬਰਾਮਦ ਕੀਤੀ। ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਜਦੋਂ ਉਹ ਕਨੇਚ ਪੁਲ ਨੇੜੇ ਬਿਲਗਾ ਕੱਟ ਸਾਹਨੇਵਾਲ ਕੋਲ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਓਮ ਪ੍ਰਕਾਸ਼ ਵਾਸੀ ਜੀਤ ਐਨਕਲੇਵ ਰਾਮਗੜ੍ਹ ਜਮਾਲਪੁਰ ਬੋਲੈਰੋ ਵਿੱਚ ਸ਼ਰਾਬ ਸਮੇਤ ਆ ਰਿਹਾ ਹੈ। ਪੁਲੀਸ ਨੇ ਨਾਕੇ ਦੌਰਾਨ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 1586 ਬੋਤਲਾਂ (133 ਪੇਟੀਆਂ) ਫਸਟ ਚੁਆਇਸ ਹਰਿਆਣਾ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਬੋਲੈਰੋ ਵੀ ਕਬਜ਼ੇ ਵਿੱਚ ਲੈ ਲਈ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਅਰੁਣ ਕੁਮਾਰ ਵਾਸੀ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਨੂੰ ਐਕਟਿਵਾ ਸਕੂਟਰ ’ਤੇ ਸ਼ਰਾਬ ਰੱਖ ਕੇ ਗਾਹਕਾਂ ਨੂੰ ਵੇਚਣ ਲਈ ਜਾਂਦਿਆਂ ਈਸਟਮੈਨ ਚੌਕ ਕੋਲ ਰੋਕਿਆ ਤਾਂ ਉਹ ਆਪਣਾ ਐਕਟਿਵਾ ਸਕੂਟਰ ਛੱਡ ਕੇ ਭੱਜ ਗਿਆ। ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਐਕਟਿਵਾ ਸਕੂਟਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 12 ਬੋਤਲਾਂ ਸਟਰਿੰਗ ਰਿਜ਼ਰਵ ਬੀ ਸੈਵਨ ਸ਼ਰਾਬ ਬਰਾਮਦ ਹੋਈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ।