ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਡਾਬਾ ਦੀ ਪੁਲੀਸ ਨੇ ਸਤਿਗੁਰੂ ਨਗਰ ਵਾਸੀ ਜਸਦੀਪ ਸਿੰਘ ਨੂੰ ਗੈਰਕਾਨੂੰਨੀ ਤੌਰ ’ਤੇ ਭੰਡਾਰ ਕੀਤੀ ਲੱਖਾਂ ਰੁਪਏ ਦੀ ਆਤਿਸ਼ਬਾਜ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਮੀਤ ਰਾਮ ਨੇ ਦੱਸਿਆ ਹੈ ਕਿ ਜਦੋਂ ਉਹ ਜੈਨ ਦਾ ਠੇਕਾ ਚੌਕ ਵਿੱਚ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਜਸਦੀਪ ਸਿੰਘ ਨੇ ਸਤਿਗੁਰੂ ਨਗਰ ਵਿੱਚ ਆਪਣੇ ਦੂਜੇ ਮਕਾਨ ਅੰਦਰ ਬਿਨਾਂ ਲਾਇਸੈਂਸ ਅਤੇ ਪਰਮਿਟ ਦੇ ਭਾਰੀ ਮਾਤਰਾ ਵਿੱਚ ਆਤਿਸ਼ਬਾਜ਼ੀ ਦਾ ਭੰਡਾਰ ਜਮ੍ਹਾਂ ਕੀਤਾ ਹੋਇਆ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਪਟਾਕੇ ਬਰਾਮਦ ਕਰਕੇ ਜਸਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਆਤਿਸ਼ਬਾਜ਼ੀ ਦੀ ਕੀਮਤ 2 ਲੱਖ 25 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਿਆਂ ਆਤਿਸ਼ਬਾਜ਼ੀ ਦਾ ਭੰਡਾਰ ਜਮ੍ਹਾਂ ਕਰ ਕੇ ਮਨੁੱਖੀ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਇਆ ਹੈ।