ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਥਾਣਾ ਟਿੱਬਾ ਦੀ ਪੁਲੀਸ ਨੇ ਇੱਕ ਬਿਲਡਿੰਗ ਕੰਟਰੈਕਟਰ ਤੋਂ ਨਕਦੀ ਲੁੱਟਣ ਦੇ ਦੋਸ਼ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਉਸ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਬੰਦਾ ਬਹਾਦਰ ਕਾਲੋਨੀ ਵਾਸੀ ਰਣਜੀਤ ਮਹਾਤੋ ਨੇ ਦੱਸਿਆ ਹੈ ਕਿ ਉਹ ਸ਼ੰਕਰ ਕਾਲੋਨੀ ਵਿੱਚ ਇੱਕ ਮਕਾਨ ਦੀ ਉਸਾਰੀ ਠੇਕੇ ਤੇ ਕਰ ਰਿਹਾ ਹੈ। ਦੁਪਹਿਰ ਸਮੇਂ ਉਹ ਗੋਪਾਲ ਨਗਰ ਦੇ ਢਾਬੇ ਤੋਂ ਰੋਟੀ ਖਾ ਕੇ ਵਾਪਸ ਜਾ ਰਿਹਾ ਸੀ ਤਾਂ ਮਿੰਟੂ ਕਾਲੋਨੀ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਹਥਿਆਰ ਦੀ ਨੋਕ ’ਤੇ 52 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਜਾਂਚ ਅਧਿਕਾਰੀ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਕਮਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸਦੇ ਸਾਥੀ ਜਤਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।