ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਇੱਕ ਚਿਕਨ ਕਾਰਨਰ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਓਂਕਾਰ ਵਿਹਾਰ ਸੈਕਟਰ 33 ਵਾਸੀ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸਦਾ ਸੈਕਟਰ 32 ਬੀਸੀਐੱਮ ਸਕੂਲ ਨੇੜਲੇ ਚਿਕਨ 65 ਨਾਮ ਦਾ ਚਿਕਨ ਕਾਰਨਰ ਹੈ। ਉਸ ਨੇ ਸੈਕਟਰ 33 ਵਿੱਚ ਸਾਮਾਨ ਰੱਖਣ ਲਈ ਇੱਕ ਕਮਰਾ ਕਿਰਾਏ ’ਤੇ ਲਿਆ ਹੋਇਆ ਹੈ। ਸ਼ਾਮ ਸਮੇਂ ਜਦੋਂ ਉਹ ਦੇਵ ਹਸਪਤਾਲ ਨੇੜੇ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਸਟੀਲ ਦੇ ਕੂੜੇਦਾਨ ਉਪਰ ਉਸਦਾ ਢੱਕਣ ਲਗਾ ਰਿਹਾ ਸੀ। ਉਸ ਨੂੰ ਉਹ ਕੂੜੇਦਾਨ ਆਪਣਾ ਜਾਪਿਆ ਤਾਂ ਉਸ ਨੇ ਕਮਰੇ ਜਾ ਕੇ ਜਦੋਂ ਸਾਮਾਨ ਚੈੱਕ ਕੀਤਾ ਤਾਂ ਉਥੋਂ ਦੋ ਗੈਸ ਭੱਠੀਆਂ, ਦੋ ਸਿਲੰਡਰ, ਇਕ ਬੈਟਰੀ, ਚਾਰ ਪਤੀਲੇ ਐਲੂਮੀਨੀਅਮ, ਇਕ ਭੱਠੀ ਅਤੇ ਛੱਤ ਵਾਲਾ ਪੱਖਾ ਗਾਇਬ ਸੀ। ਇਸ ’ਤੇ ਪੁਲੀਸ ਨੇ ਵਿਕਾਸ ਵਾਸੀ ਬਾਬਾ ਕਬਾੜੀਏ ਦੀ ਦੁਕਾਨ ਤਾਜਪੁਰ ਰੋਡ ਨੂੰ ਕਾਬੂ ਕਰਕੇ ਕੀਤੀ ਜਾਂਚ ਉਪਰੰਤ ਚੋਰੀ ਦਾ ਉਕਤ ਸਾਰਾ ਸਾਮਾਨ ਬਰਾਮਦ ਕਰ ਲਿਆ।