ਲੁਧਿਆਣਾ : ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਰਸੋਈ ਗੈਸ ਦੀ ਕਾਲਾਬਾਜ਼ਾਰੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਨਕ ਰਾਜ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜਲੰਧਰ ਬਾਈਪਾਸ ਵਿੱਚ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਗੀਤਾ ਕਲੋਨੀ ਬਹਾਦਰਕੇ ਰੋਡ ਵਿੱਚ ਮੁਹੰਮਦ ਸ਼ਫੀਕ ਆਲਮ ਵੱਡੇ ਰਸੋਈ ਗੈਸ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਵੇਚਣ ਦੀ ਤਿਆਰੀ ਕਰ ਰਿਹਾ ਹੈ। ਪੁਲੀਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ 5 ਵੱਡੇ ਗੈਸ ਸਿਲੰਡਰ, ਕੰਡਾ, ਪਾਈਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ