ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਸਤੰਬਰ
ਇਥੋਂ ਦੇ ਨੇੜਲੇ ਪਿੰਡ ਰੋਹਣੋਂ ਵਿੱਚ ਕਿਸਾਨ ਸੱਜਣ ਸਿੰਘ ਦੇ ਘਰ ਨਕਲੀ ਆਮਦਨ ਕਰ ਵਿਭਾਗ ਦੇ ਅਧਿਕਾਰੀ ਬਣ ਕੇ 25 ਲੱਖ ਰੁਪਏ ਲੁੱਟਣ ਦੇ ਮਾਮਲੇ ’ਚ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਾਜ਼ਮਾਂ ਦੀ ਪਛਾਣ ਪਰਮਵੀਰ ਸਿੰਘ ਲੋਟੇ ਵਾਸੀ ਲੁਧਿਆਣਾ, ਹਲੀਮ ਮੁਹੰਮਦ ਵਾਸੀ ਮਾਲੇਰਕੋਟਲਾ ਤੇ ਰਜਨੀਸ਼ ਕੁਮਾਰ ਵਾਸੀ ਜ਼ੀਰਾ ਵਜੋਂ ਹੋਈ। ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਜਾਣਕਾਰੀ ਸਾਹਮਣੇ ਆਈ ਕਿ ਡਾਕੇ ਦੀ ਵਾਰਦਾਤ ਨੂੰ ਪੰਜ ਵਿਅਕਤੀਆਂ ਨੇ ਅੰਜ਼ਾਮ ਦਿੱਤਾ ਸੀ, ਚਾਰ ਵਿਅਕਤੀ ਰੋਹਣੋਂ ਖੁਰਦ ਪਿੰਡ ਦੇ ਕਿਸਾਨ ਸੱਜਣ ਸਿੰਘ ਦੇ ਘਰ ਅੰਦਰ ਵੜ ਗਏ ਤੇ ਪੰਜਵਾਂ ਮੁਲਜ਼ਮ ਬਾਹਰ ਇਨੋਵਾ ਕਾਰ ਵਿੱਚ ਬੈਠਾ ਸੀ। ਪੁਲੀਸ ਨੇ ਘਟਨਾ ’ਚ ਸ਼ਾਮਲ ਪੰਜ ਮੁਲਜ਼ਮਾਂ ਦੀ ਪਛਾਣ ਕਰ ਲਈ ਤੇ ਦੋ ਦੀ ਭਾਲ ਜਾਰੀ ਹੈ।