ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਜੂਨ
ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਆਉਣ ਵਾਲੀ ਮੂੰਗੀ ਦੀ ਫ਼ਸਲ ਦੀ ਖਰੀਦ ਸਹਿਕਾਰੀ ਸਭਾਵਾਂ ਰਾਹੀਂ ਕਰਵਾਉਣ ਅਤੇ ਇਸ ਕੰਮ ’ਚੋਂ ਆੜ੍ਹਤੀਆਂ ਨੂੰ ਬਾਹਰ ਕਰਨ ਤੋਂ ਭੜਕੇ ਆੜ੍ਹਤੀਆਂ ਨੇ 10 ਜੂਨ ਨੂੰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਇੱਥੇ ਜਗਰਾਉਂ ਮੰਡੀ ’ਚ ਆੜ੍ਹਤੀਆਂ ਦੀ ਜਾਰੀ ਹੜਤਾਲ ਅਤੇ ਧਰਨੇ ਦੌਰਾਨ ਆੜ੍ਹਤੀ ਆਗੂਆਂ ਨੇ ਕਿਹਾ ਕਿ ਮੂੰਗੀ ਦੀ ਸਿੱਧੀ ਖਰੀਦ ਕਰਨ ਸਮੇਂ ਆੜ੍ਹਤੀਆਂ ਨੂੰ ਮਿਲਣ ਵਾਲੀ 2.5 ਫ਼ੀਸਦ ਆੜ੍ਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਜਿਣਸ ਦੀ ਖਰੀਦ ਵੇਚਣ ਦੇ ਕਾਰੋਬਾਰ ’ਚ ਆੜ੍ਹਤ ਲੈਂਦੇ ਆ ਰਹੇ ਪੰਜਾਬ ਦੇ ਸਮੂਹ ਆੜ੍ਹਤੀ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਹਨ। ਇਸ ਲਈ ਫ਼ੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਸੱਦੇ ’ਤੇ ਇਹ ਹੜਤਾਲ ਜਾਰੀ ਹੈ। ਅੱਜ ਦੂਜੇ ਦਿਨ ਬਹੁਗਿਣਤੀ ਆੜ੍ਹਤੀਆਂ ਨੇ ਇੱਥੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਆੜ੍ਹਤੀਆਂ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਇਸ ਹੜਤਾਲ ਨੂੰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮੂੰਗੀ ਦੀ ਪ੍ਰਾਈਵੇਟ ਖਰੀਦ ਕਰਨ ਵਾਲੇ ਵਪਾਰੀਆਂ ਦਾ ਸਾਥ ਵੀ ਮਿਲਣ ਲੱਗਾ ਹੈ। ਅੱਜ ਵਾਲੇ ਧਰਨੇ ’ਚ ਮਿੱਲ ਮਾਲਕਾਂ ਨੇ ਸ਼ਮੂਲੀਅਤ ਕਰਕੇ ਆਪਣਾ ਸਮਰਥਨ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਆੜ੍ਹਤੀ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ, ਆੜ੍ਹਤੀ ਦੀਦਾਰ ਸਿੰਘ ਮਲਕ ਅਤੇ ਸਕੱਤਰ ਪ੍ਰਹਿਲਾਦ ਸਿੰਗਲਾ ਨੇ ਮੰਗ ਕੀਤੀ ਕਿ ਸਰਕਾਰ ਇਹ ਫ਼ੈਸਲਾ ਫੌਰੀ ਵਾਪਸ ਲਵੇ। ਬਾਅਦ ’ਚ ਆੜ੍ਹਤੀਆਂ ਦਾ ਇਕ ਵਫ਼ਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਸੌਂਪਿਆ।
ਵਿਧਾਇਕ ਮਾਣੂੰਕੇ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਉਨ੍ਹਾਂ ਵੱਲੋਂ ਦਿੱਤਾ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਦੇ ਇਸ ਮਸਲੇ ਬਾਰੇ ਜਲਦ ਹੱਲ ਕਰਨ ਦੀ ਅਪੀਲ ਕਰਨਗੇ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ 10 ਜੂਨ ਤੱਕ ਪੰਜਾਬ ਸਰਕਾਰ ਵੱਲੋਂ ਆਪਣਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ 10 ਜੂਨ ਤੋਂ ਪੰਜਾਬ ਭਰ ਦੇ ਸਮੂਹ ਆੜ੍ਹਤੀ ਸੜਕਾਂ ’ਤੇ ਉੱਤਰ ਕੇ ਹੱਕਾਂ ਦੀ ਰਾਖੀ ਲਈ ਹਾਈਵੇ ਜਾਮ ਕਰਨਗੇ।
ਆੜ੍ਹਤੀਆਂ ਵੱਲੋਂ ਹੜਤਾਲ ਦਾ ਐਲਾਨ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੇਂਦਰ ਸਰਕਾਰ ਵੱਲੋਂ ਮੂੰਗੀ ਅਤੇ ਮੱਕੀ ’ਤੇ ਕਮਿਸ਼ਨ ਖਤਮ ਕਰਨ ਮਗਰੋਂ ਸੂਬੇ ਦੇ ਆੜ੍ਹਤੀਆਂ ਵਿੱਚ ਰੋਸ ਹੈ। ਅੱਜ ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ। ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਹੁਣ ਪੰਜਾਬ ਦੇ ਆੜ੍ਹਤੀਆਂ ਨੂੰ ਖ਼ਤਮ ਕਰਨ ਦੀ ਨੀਅਤ ਨਾਲ ਇਹ ਫੈਸਲੇ ਲੈ ਰਹੀ ਹੈ ਜਿਸ ਕਾਰਨ ਸਮੂਹ ਆੜ੍ਹਤੀ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿਚ ਹੜਤਾਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਫਸਲ ਖਰੀਦੀ ਜਾਂ ਵੇਚੀ ਨਹੀਂ ਜਾਵੇਗੀ ਜਿਸ ਲਈ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਆੜ੍ਹਤੀਆਂ ਦਾ ਸਹਿਯੋਗ ਦੇਣ ਅਤੇ ਹੜਤਾਲ ਦੌਰਾਨ ਕੋਈ ਵੀ ਕਿਸਾਨ ਮੰਡੀ ’ਚ ਮੱਕੀ ਦੀ ਫਸਲ ਨਾ ਲੈ ਕੇ ਆਵੇ।