ਦੇਵਿੰਦਰ ਜੱਗੀ
ਪਾਇਲ, 12 ਨਵੰਬਰ
ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹੇ ਦੇ ਝੋਨੇ ਦੇ ਸੀਜ਼ਨ ਦਾ ਸੂਬੇ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਦਾ 131 ਕਰੋੜ ਰੁਪਏ ਕਮਿਸ਼ਨ ਨਾ ਮਿਲਣ ਕਾਰਨ ਆੜ੍ਹਤੀਏ ਤੇ ਮਜ਼ਦੂਰ ਕਾਲੀ ਦੀਵਾਲੀ ਮਨਾਉਣਗੇ, ਜਿਸ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪ੍ਰਧਾਨ ਬਿੱਟੂ ਪੁਰੀ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਅਤੇ ਆੜ੍ਹਤੀ ਗੁਰਜੀਤ ਸਿੰਘ ਮਾਜਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆੜ੍ਹਤੀਆਂ ਦੇ ਕਮਿਸ਼ਨ ਦਾ ਪੈਸਾ ਤਾਂ ਰੋਕ ਹੀ ਲਿਆ, ਹੁਣ ਲੇਬਰ ਕਿੱਥੇ ਜਾਵੇ। ਆੜ੍ਹਤੀ ਗੁਰਜੀਤ ਸਿੰਘ ਮਾਜਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਮਿਸ਼ਨ ਨਹੀਂ ਭੇਜਿਆ ਤੇ ਮਜ਼ਦੂਰਾਂ ਵੱਲੋਂ ਪੈਸਿਆਂ ਨੂੰ ਦਹਾਈ ਪਾਈ ਜਾ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ 48 ਘੰਟਿਆਂ ਵਿੱਚ ਫਸਲ ਦੀ ਅਦਾਇਗੀ ਕਰਨ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ 29 ਅਕਤੂਬਰ ਤੋਂ ਲੈ ਕੇ ਅੱਜ ਤੱਕ ਪਨਗਰੇਨ ਖਰੀਦ ਏਜੰਸੀ ਵੱਲੋਂ ਇੱਕ ਨਵੇਂ ਪੈਸੇ ਦੀ ਅਦਾਇਗੀ ਨਹੀਂ ਕੀਤੀ ਗਈ। ਜਦੋਂ ਇਸ ਸਬੰਧੀ ਏਐਫਐਸਓ ਨਰਿੰਦਰ ਸਿੰਘ ਕੌੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 6 ਨਵੰਬਰ ਤੱਕ ਝੋਨੇ ਦੀ ਖਰੀਦ ਦੇ ਬਿੱਲ ਭੇਜੇ ਜਾ ਚੁੱਕੇ ਹਨ ਜਿਸ ਦੀ ਭਲਕੇ ਅਦਾਇਗੀ ਹੋ ਜਾਵੇਗੀ। ਇਸ ਤੋਂ ਪਹਿਲਾਂ ਆੜ੍ਹਤੀਆਂ ਨੇ ਪੰਜਾਬ ਸਰਕਾਰ ’ਤੇ ਮੰਗਾਂ ਨਾ ਮੰਨਣ ਦੇ ਦੋਸ਼ ਲਾਏ।