ਪੱਤਰ ਪ੍ਰੇਰਕ
ਮਾਛੀਵਾੜਾ, 10 ਸਤੰਬਰ
ਸਥਾਨਕ ਅਨਾਜ ਮੰਡੀ ਵਿੱਚ ਸਮਰਾਲਾ ਹਾਕੀ ਕਲੱਬ ਵੱਲੋਂ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੂੰ 200 ਤੋਂ ਵੱਧ ਅੰਬ ਤੇ ਕੀਨੂੰ ਦੇ ਬੂਟੇ ਵੰਡੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਮਰਾਲਾ ਹਾਕੀ ਕਲੱਬ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਗੁਰਨਾਮ ਸਿੰਘ ਨਾਗਰਾ ਤੇ ਮੁੱਖ ਪ੍ਰਬੰਧਕ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਕਲੱਬ ਵੱਲੋਂ ਸਾਲ 2007 ਤੋਂ ਇਲਾਕੇ ਵਿੱਚ ਵੱਡੀ ਪੱਧਰ ’ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਬਹੇੜਾ, ਹਰੜ, ਜੰਡ, ਅੰਬ ਤੇ ਕੀਨੂੰ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਬੂਟੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਨੂੰ ਬੇਹੱਦ ਜ਼ਰੂਰੀ ਕਰਦਿਆਂ ਲੋਕਾਂ ਨੂੰ ਨਾਲ ਜੋੜ ਕੇ ਲੋਕ ਲਹਿਰ ਬਣਾਈ ਹੈ ਜਿਸ ਦੀ ਮਿਸਾਲ ਸਮਰਾਲਾ ਦਾ ਰੇਲਵੇ ਸਟੇਸ਼ਨ ਅਤੇ ਪਿੰਡ ਭੰਗਲਾਂ ਹਨ, ਜਿੱਥੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜੰਗਲ ਉਗਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।