ਦਾਖ਼ਲੇ ਲਈ ਕੱਟਆਫ ਤਰੀਕਾਂ ਵਧਾਉਣ ਦੀ ਅਪੀਲ
ਲੁਧਿਆਣਾ: ਫੈਡਰੇਸ਼ਨ ਆਫ ਸੈਲਫ ਫਾਈਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ ਆਫ ਇੰਡੀਆ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਅਤੇ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੂਕੇਸ਼ਨ ਨੂੰ ਅਕਾਦਮਿਕ ਸਾਲ 2021-22 ਲਈ ਦਾਖ਼ਲੇ ਦੀ ਕੱਟਆਫ ਮਿਤੀ 30 ਨਵੰਬਰ ਤੱਕ ਵਧਾਉਣ ਦੀ ਅਪੀਲ ਕੀਤੀ ਹੈ। ਜੱਥੇਬੰਦੀ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਕੋਵਿਡ-19 ਨੇ ਪਿਛਲੇ ਦੋ ਸਾਲਾਂ ਤੋਂ ਵਿਦਿਆਰਥੀਆਂ ਦੇ ਦਾਖ਼ਲੇ ਦੀ ਦਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਸਿੱਖਿਆ ਦੇ ਵੱਡੇ ਨੁਕਸਾਨ ਤੋਂ ਬਾਅਦ ਦਾਖ਼ਲੇ ਕੁੱਝ ਸੁਚਾਰੂ ਹੋ ਰਹੇ ਹਨ। ਡਾ. ਕਟਾਰੀਆ ਨੇ ਕਿਹਾ ਕਿ ਨੀਟ ਅਤੇ ਜੇਈ ਵਿੱਚ ਦੇਰੀ ਨੇ ਦੇਸ਼ ਵਿੱਚ ਸਮੁੱਚੀ ਦਾਖ਼ਲਾ ਪ੍ਰਕਿਰਿਆ ਵਿੱਚ ਹੋਰ ਦੇਰੀ ਕੀਤੀ ਹੈ। ਇਸ ਲਈ ਦਾਖ਼ਲੇ ਦੀਆਂ ਕੱਟਆਫ ਤਰੀਕਾਂ 30 ਨਵੰਬਰ ਤੱਕ ਵਧਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। -ਖੇਤਰੀ ਪ੍ਰਤੀਨਿਧ