ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਲੁਧਿਆਣਾ ਵਿੱਚ ਵੱਧਦੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਿਵਲ ਸਰਜਨ ਡਾਕਟਰ ਐਸ ਪੀ ਸਿੰਘ ਨੇ ਕਿਹਾ ਕਿ ਕਰਵਾਚੌਥ ਦਾ ਤਿਉਹਾਰ ਔਰਤਾਂ ਵੱਲੋਂ ਉਤਸਾਹ ਨਾਲ ਮਨਾਇਆ ਜਾਂਦਾ ਹੈ ਅਤੇ ਬਾਜ਼ਾਰਾਂ ਵਿੱਚ ਭੀੜ ਵੀ ਕਾਫੀ ਵੱਧ ਜਾਂਦੀ ਹੈ। ਸ਼ਹਿਰ ਵਿੱਚ ਲੋਕਾਂ ਦੇ ਇਕੱਠ ਦੇ ਮੱਦੇਨਜ਼ਰ, ਸਿਵਲ ਸਰਜਨ ਵੱਲੋਂ ਆਮ ਲੋਕਾਂ ਖਾਸ ਤੌਰ ’ਤੇ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਰੋਨਾ ਦੀ ਬਿਮਾਰੀ ਦੇ ਬਚਾਅ ਸਬੰਧੀ ਅਜੇ ਵੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।
ਡਾ. ਐਸ ਪੀ ਸਿੰਘ ਨੇ ਅੱਗੇ ਕਿਹਾ ਕਿ ਔਰਤਾਂ ਵਲੋ ਬਜ਼ਾਰਾਂ ਵਿਚ ਖਰੀਦੋ ਫਰੋਖਤ ਕਰਨ ਉਪਰੰਤ ਵੱਡੀ ਪੱਧਰ ਤੇ ਭੀੜ-ਭੜੱਕਾ ਆਮ ਦੇਖਣ ਨੂੰ ਮਿਲਦਾ ਹੈ ਜੋ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਸੱਦਾ ਦੇ ਸਕਦਾ ਹੈ। ਇਸ ਦੇ ਬਚਾਅ ਸਬੰਧੀ ਉਨ੍ਹਾਂ ਦੁਕਾਨਦਾਰਾਂ, ਰੇੜੀ- ਫੜ੍ਹੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਕਰੋਨਾ ਦੀਆਂ ਸਵਾਧਾਨੀਆਂ ਨੂੰ ਮੁੱਖ ਰੱਖਦੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਦੁਕਾਨਾਂ ਤੇ ਭੀੜ-ਭੜੱਕਾ ਘੱਟ ਤੋ ਘੱਟ ਰੱਖਿਆ ਜਾਵੇ ਅਤੇ ਭੀੜ-ਭੱੜਕੇ ਵਾਲੀਆਂ ਥਾਂਵਾ ’ਤੇ ਮਾਸਕ ਵੀ ਪਾਇਆ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਫ ਕੀਤਾ ਜਾਵੇ।